ਨਵੀਂ ਦਿੱਲੀ, 25 ਜੂਨ
ਸੁਪਰੀਮ ਕੋਰਟ ਵੱਲੋਂ ਗਠਿਤ ਨੈਸ਼ਨਲ ਟਾਸਕ ਫੋਰਸ (ਐੱਨਟੀਐੱਫ) ਨੇ ਦੇਸ਼ ਦੀਆਂ ਆਕਸੀਜਨ ਲੋੜਾਂ ਨੂੰ ਨਿਰਧਾਰਿਤ ਕਰਨ ਲਈ ਇਕ ਫਾਰਮੂਲੇ ਦੀ ਤਜਵੀਜ਼ ਸਮੇਤ ਕੁਝ ਹੋਰ ਸੁਝਾਅ ਤੇ ਸਿਫਾਰਸ਼ਾਂ ਕੀਤੀਆਂ ਹਨ, ਜਿਸ ਵਿੱਚ ਮੌਜੂਦਾ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਿਹਤ ਸੰਭਾਲ ਨਾਲ ਜੁੜੇ ਹਰ ਪਹਿਲੂ ਨੂੰ ਵਿਚਾਰਿਆ ਜਾਵੇਗਾ। ਐੱਨਟੀਐੱਫ ਨੇ ਸਿਖਰਲੀ ਅਦਾਲਤ ਵਿੱਚ ਦਾਇਰ ਆਪਣੇ ਰਿਪੋਰਟ ਵਿੱਚ ਕਿਹਾ ਕਿ ਮਿਸਾਲ ਵਜੋਂ ਸੌ ਬਿਸਤਰਿਆਂ ਦੇ ਹਸਪਤਾਲ, ਜਿਸ ਵਿੱਚ 25 ਫੀਸਦ ਆਈਸੀਯੂ ਬੈੱਡ ਹੋਣ ਲਈ ਡੇਢ ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਲੋੜ ਹੈ, ਨੂੰ ਫਾਰਮੂਲਾ ਬਣਾ ਕੇ ਇਸ ਦੀ ਪੜਤਾਲ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਵੱਲੋਂ 6 ਮਈ ਨੂੰ ਗਠਿਤ 12 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ, ‘‘ਅਜਿਹਾ ਫਾਰਮੂਲਾ ਗਤੀਸ਼ੀਲ ਤੇ ਕਿਰਿਆਸ਼ੀਲ ਅਮਲ ਦਾ ਹਿੱਸਾ ਹੈ ਤੇ ਹਾਲਾਤ ਮੁਤਾਬਕ ਇਸ ਵਿੱਚ ਰਾਜਾਂ ਦੇ ਸਲਾਹ ਮਸ਼ਵਰੇ ਨਾਲ ਤਰਮੀਮ ਕੀਤੀ ਜਾ ਸਕਦੀ ਹੈ।’ ਐੱਨਟੀਐੱਫ ਨੇ ਕਿਹਾ ਕਿ ਮੌਜੂਦਾ ਹਾਲਾਤ ਤੇ ਭਵਿੱਖੀ ਮੰਗ ਨੂੰ ਵੇਖਦਿਆਂ ਆਕਸੀਜਨ ਦੀ ਅਲਾਟਮੈਂਟ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਗਰਮ ਕੇਸਲੋਡ ਤੇ ਕੇਸਾਂ ਦੇ ਦੁੱਗਣੀ ਹੋਣ ਦੀ ਦਰ ਮੁੱਖ ਕਾਰਕ ਹੋ ਸਕਦੇ ਹਨ। ਕੌਮੀ ਟਾਸਕ ਫੋਰਸ ਨੇ ਕਿਹਾ, ‘‘ਰਾਜਾਂ/ਯੂਟੀ’ਜ਼ ਨੂੰ ਇਕ ਅਜਿਹਾ ਚੌਖਟਾ ਵਿਕਸਤ ਕਰਨਾ ਹੋਵੇਗਾ, ਜੋ ਫਾਰਮੂਲੇ ਦੀ ਗਿਣਤੀ ਮਿਣਤੀਆਂ ਦੇ ਆਧਾਰ ’ਤੇ ਅਗਲੇ 24 ਘੰਟਿਆਂ ਤੇ ਅਗਲੇ ਕੁਝ ਦਿਨਾਂ ਵਿੱਚ ਲੋੜ ਪੈਣ ਵਾਲੀ ਆਕਸੀਜਨ ਦੀ ਮਾਤਰਾ ਬਾਰੇ ਪੇਸ਼ੀਨਗੋਈ ਕਰ ਸਕੇ। ਇਨ੍ਹਾਂ ਲੋੜਾਂ ਨੂੰ ਕੇਂਦਰੀ ਆਕਸੀਜਨ ਵਾਰ ਰੂਮ ਕੋਲ ਦਰਜ ਕਰਵਾਉਣਾ ਹੋਵੇਗਾ।’’ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਆਕਸੀਜਨ ਦੀ ਮੁਨਾਸਬਿ ਵਰਤੋਂ ਨੂੰ ਯਕੀਨੀ ਬਣਾਉਣ ਲਈ ਹਸਪਤਾਲਾਂ ਦਾ ਆਡਿਟ ਕਰਵਾਇਆ ਜਾਵੇ, ਜਿਸ ਵਿੱਚ ਪਾਈਪਲਾਈਨ ਸਿਸਟਮ ਦੀ ਪੜਤਾਲ ਵੀ ਸ਼ਾਮਲ ਹੋਵੇ। ਕਮੇਟੀ ਨੇ ਕਿਹਾ ਕਿ ਅਜਿਹੇ ਆਡਿਟਾਂ ਨਾਲ 10 ਤੋਂ 20 ਫੀਸਦ ਵਰਤੋਂ ਘਟੇਗੀ।
ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜਨ ਦੀ ਅਲਾਟਮੈਂਟ ਲਈ ਕਾਰਜਵਿਧੀ ਬਾਰੇ ਹੋਰ ਕਈ ਸੁਝਾਅ ਦਿੰਦਿਆਂ ਐੱਨਟੀਐੱਫ ਨੇ ਕਿਹਾ ਕਿ ਘਰ ਅਧਾਰਿਤ ਜਾਂ ਫੈਸਿਲਟੀ (ਹਸਪਤਾਲ) ਅਧਾਰਿਤ ਆਈਸੋਲੇਸ਼ਨ ਅਤੇ ਸਵੈ-ਨਿਗਰਾਨੀ ਪ੍ਰੋਗਰਾਮਾਂ ਤੇ ਹਸਪਤਾਲ ਤੋਂ ਇਲਾਵਾ ਕੋਵਿਡ ਸੰਭਾਲ ਫੈਸਿਲਟੀਜ਼ ਲਈ ਸੇਧਿਤ ਦਿਸ਼ਾ-ਨਿਰਦੇਸ਼ ਵਿਕਸਤ ਕੀਤੇ ਜਾ ਸਕਦੇ ਹਨ। ਰਿਪੋਰਟ ਵਿੱਚ ਸੂਬਾ-ਵਾਰ ਆਕਸੀਜਨ ਆਡਿਟ ਕਮੇਟੀਆਂ ਬਣਾਉਣ ਦਾ ਵੀ ਸੁਝਾਅ ਦਿੱਤਾ ਗਿਆ ਹੈ ਤੇ ਪੇਂਡੂ ਇਲਾਕਿਆਂ ਵਿੱਚ ਘੱਟੋ ਘੱਟ ਛੇ ਸਿਲੰਡਰਾਂ ਦਾ ਬਫ਼ਰ ਸਟਾਕ ਰੱਖਿਆ ਜਾਵੇ, ਜੋ ਕਿਸੇ ਦੇਰੀ ਜਾਂ ਲੋੜ ਪੈਣ ’ਤੇ ਹੋਰ ਥਾਂ ਤਬਦੀਲ ਕੀਤਾ ਜਾ ਸਕੇ। ਰਿਪੋਰਟ ਵਿੱਚ ਆਕਸੀਜਨ ਆਡਿਟ, ਪਾਈਪਲਾਈਨਾਂ ਦੀ ਸਫ਼ਾਈ, ਆਕਸੀਜਨ ਟੈਂਕਰਾਂ ਦੀ ਟਰੈਕਿੰਗ, ਹਸਪਤਾਲਾਂ ਨੂੰ ਚੌਕਸ ਕਰਨ ਲਈ ਸਿਸਟਮ, ਰੀਅਲ ਟਾਈਮ ਟਰੈਕਿੰਗ ਸਿਸਟਮ, ਆਕਸੀਜਨ ਆਡਿਟ ਕਮੇਟੀਆਂ ਦੀਆਂ ਰਿਪੋਰਟਾਂ ਆਦਿ ਉਪਰਾਲਿਆਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। -ਪੀਟੀਆਈ