ਨਵੀਂ ਦਿੱਲੀ, 6 ਮਈ
ਕੋਵਿਡ-19 ਸਿਹਤ ਐਮਰਜੈਂਸੀ ਦੇ ਟਾਕਰੇ ਲਈ ਇਟਲੀ ਵੱਲੋਂ ਭੇਜੇ ਮੈਡੀਕਲ ਆਕਸੀਜਨ ਜੈਨਰੇਸ਼ਨ ਪਲਾਂਟ ਨੇ ਗ੍ਰੇਟਰ ਨੌਇਡਾ ਸਥਿਤ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਵੱਲੋਂ ਚਲਾਏ ਜਾਂਦੇ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਟਲੀ ਤੋਂ ਇਹ ਆਕਸੀਜਨ ਪਲਾਂਟ ਵਿਸ਼ੇਸ਼ ਉਡਾਣ ਰਾਹੀਂ ਪਿਛਲੇ ਦਿਨੀਂ ਭਾਰਤ ਲਿਆਂਦਾ ਗਿਆ ਸੀ। ਆਈਟੀਬੀਪੀ ਦੇ ਤਰਜਮਾਨ ਨੇ ਕਿਹਾ, ‘ਭਾਰਤ ਵਿੱਚ ਇਟਲੀ ਦੇ ਰਾਜਦੂਤ ਵਿਨਸੈਂਜ਼ੋ ਡੀ ਲੁਕਾ ਨੇ ਬਟਨ ਦੱਬ ਕੇ ਪਲਾਂਟ ਦਾ ਰਸਮੀ ਉਦਘਾਟਨ ਕੀਤਾ ਤੇ ਇਸ ਮੌਕੇ ਨੀਮ ਫੌਜੀ ਬਲ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪਲਾਂਟ ਨੂੰ ਹਸਪਤਾਲ ਅਹਾਤੇ ਵਿੱਚ 48 ਘੰਟਿਆਂ ’ਚ ਸਥਾਪਤ ਕਰਕੇ ਚਾਲੂ ਕੀਤਾ ਗਿਆ ਹੈ।’ ਤਰਜਮਾਨ ਨੇ ਕਿਹਾ ਕਿ ਪਲਾਂਟ ’ਚੋਂ ਪੈਦਾ ਹੋਣ ਵਾਲੀ ਆਕਸੀਜਨ ਹਸਪਤਾਲ ਵਿੱਚ ਮੌਜੂਦ 100 ਕੋਵਿਡ-19 ਬੈੱਡਾਂ ਨੂੰ ਸਪਲਾਈ ਕੀਤੀ ਜਾਵੇਗੀ। -ਪੀਟੀਆਈ