ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਵਾਲੇ ਸਨ ਫਾਊਂਡੇਸ਼ਨ ਨੇ ਪੰਜਾਬ ਦੇ ਵੱਖ-ਵੱਖ ਸਿਵਲ ਹਸਪਤਾਲਾਂ ਵਿੱਚ ਵੰਡਣ ਲਈ ਐੱਸਓਐੱਸ ਦੇ ਆਧਾਰ ’ਤੇ ਚੀਨ ਅਤੇ ਦੁਬਈ ਤੋਂ 40 ਲਿਟਰ ਸਮਰੱਥਾ ਦੇ 2000 ਡੀ-ਟਾਈਪ ਸਿਲੰਡਰਾਂ ਦਾ ਪ੍ਰਬੰਧ ਕੀਤਾ ਹੈ। ਇਸ ਸਾਰੀ ਖੇਪ ਨੂੰ ਗੁਆਂਗਝੂ ਤੋਂ ਸਟੇਟ ਕੈਰੀਅਰ ਏਅਰ ਇੰਡੀਆ ਤੇ ਦੁਬਈ ਤੋਂ ਅਮੀਰਾਤ ਦੁਆਰਾ ਮੁਫਤ ਵਿੱਚ ਲਿਆਂਦਾ ਗਿਆ। ਸ੍ਰੀ ਸਾਹਨੀ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਸੀਈਓ ਅਮਿਤਾਭ ਕਾਂਤ ਏਅਰ ਇੰਡੀਆ ਦਾ ਸਿਲੰਡਰ ਲਿਆਉਣ ਲਈ ਪ੍ਰਬੰਧ ਕਰਨ ਵਿੱਚ ਮਦਦ ਕਰਨ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿਲੰਡਰ ਕੀਮਤੀ ਜਾਨਾਂ ਬਚਾਉਣ ਲਈ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਮੁਕਤਸਰ, ਮਾਨਸਾ ਦੇ ਸਰਕਾਰੀ ਸਿਵਲ ਹਸਪਤਾਲ ਭੇਜ ਦਿੱਤੇ ਗਏ ਹਨ। ਹਾਲਾਂਕਿ ਇਸ ਸਮੇਂ ਪੰਜਾਬ ਰਾਜ ਨੂੰ ਆਕਸੀਜਨ ਸਪਲਾਈ ਦੀ ਕੋਈ ਘਾਟ ਨਹੀਂ ਹੈ, ਪਰ ਪਿੰਡ ਸਿਲੰਡਰਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ।