ਅਹਿਮਦਾਬਾਦ, 20 ਸਤੰਬਰ
ਅਧਿਕਾਰੀਆਂ ਨੇ ਸੋਮਵਾਰ ਨੂੰ ਏਆਈਐੱਮਆਈਐੱਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਨੂੰ ਕੋਵਿਡ -19 ਦਿਸ਼ਾ ਨਿਰਦੇਸ਼ਾਂ ਅਤੇ ਹੋਰ ਕਾਰਨਾਂ ਦੇ ਮੱਦੇਨਜ਼ਰ ਅਹਿਮਦਾਬਾਦ ਸਥਿਤ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਮਨ੍ਹਾਂ ਕਰ ਦਿੱਤਾ। ਇਹ ਜਾਣਕਾਰੀ ਪਾਰਟੀ ਆਗੂ ਨੇ ਦਿੱਤੀ। ਓਵਾਇਸੀ ਪਾਰਟੀ ਵਰਕਰਾਂ, ਅਹੁਦੇਦਾਰਾਂ ਅਤੇ ਸਮਰਥਕਾਂ ਨੂੰ ਮਿਲਣ ਲਈ ਅਹਿਮਦਾਬਾਦ ਦੇ ਇੱਕ ਦਿਨ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਅਹਿਮਦ ਨੂੰ ਮਿਲਣ ਦੀ ਯੋਜਨਾ ਵੀ ਬਣਾਈ ਸੀ, ਜੋ ਹਾਲ ਹੀ ਵਿੱਚ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏਆਈਐਮਆਈਐਮ) ਵਿੱਚ ਸ਼ਾਮਲ ਹੋਇਆ ਸੀ। ਏਆਈਆਈਐੱਮਆਈਐੱਮ ਗੁਜਰਾਤ ਦੇ ਪ੍ਰਧਾਨ ਸਾਬਿਰ ਕਾਬਲੀਵਾਲਾ ਨੇ ਕਿਹਾ,‘ਸਾਬਰਮਤੀ ਜੇਲ੍ਹ ਅਧਿਕਾਰੀਆਂ ਨੇ ਓਵਾਇਸੀ ਨੂੰ ਕੋਵਿਡ-19 ਦੇ ਨੇਮਾਂ ਦੇ ਆਧਾਰ ’ਤੇ ਅਤੀਕ ਅਹਿਮਦ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਉਂਕਿ ਉਹ ਅਹਿਮਦ ਦੇ ਖੂਨ ਦੇ ਰਿਸ਼ਤੇਦਾਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਆਈਆਈਐੱਮਆਈਐੱਮ ਨੇ ਜੇਲ੍ਹ ਵਿੱਚ ਓਵਾਇਸੀ ਤੇ ਅਹਿਮਦ ਦੀ ਮੁੁਲਾਕਾਤ ਕਰਾਉਣ ਦੀ ਜੇਲ੍ਹ ਅਧਿਕਾਰੀਆਂ ਤੋਂ ਪ੍ਰਵਾਨਗੀ ਮੰਗੀ ਸੀ ਪਰ ਆਖ਼ਰੀ ਪਲ ’ਤੇ ਪ੍ਰਵਾਨਗੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ। -ਪੀਟੀਆਈ