ਨਵੀਂ ਦਿੱਲੀ, 23 ਜੂਨ
ਐਸਟਰਾਜ਼ੈਨੇਕਾ ਨੇ ਅੱਜ ਕਿਹਾ ਕਿ ਉਸ ਵੱਲੋਂ ਕਰੋਨਾ ਤੋਂ ਬਚਾਅ ਲਈ ਤਿਆਰ ਕੋਵਿਡ-19 ਵੈਕਸੀਨ ਵਾਇਰਸ ਦੇ ਡੈਲਟਾ ਵੇਰੀਐਂਟ (ਕਿਸਮ) ਖਿਲਾਫ਼ 92 ਫੀਸਦ ਤੱਕ ਅਸਰਦਾਰ ਹੈ। ਐਸਟਰਾਜ਼ੈਨੇਕਾ ਨੇ ਕਿਹਾ ਕਿ ਪਬਲਿਕ ਹੈੱਲਥ ਇੰਗਲੈਂਡ (ਪੀਐੱਚਈ) ਵੱਲੋਂ ਜਾਰੀ ਨਵੇਂ ਅੰਕੜਿਆਂ ਤੋਂ ਸਪਸ਼ਟ ਹੈ ਕਿ ਕੋਵਿਡ-19 ਵੈਕਸੀਨ ਐਸਟਰਾਜ਼ੈਨੇਕਾ ਡੈਲਟਾ ਵੇਰੀਐਂਟ (ਬੀ.1.617.2, ਪੁਰਾਣੇ ਭਾਰਤੀ ਵੇਰੀਐਂਟ) ਖ਼ਿਲਾਫ਼ ਉੱਚ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਐਸਟਰਾਜ਼ੈਨੇਕਾ ਵੈਕਸੀਨ ਨੂੰ ਭਾਰਤ ਵਿੱਚ ‘ਕੋਵੀਸ਼ੀਲਡ’ ਦੇ ਨਾਂ ਨਾਲ ਵਰਤਿਆ ਜਾਂਦਾ ਹੈ। ਪੀਐੱਚਈ ਦੇ ਅੰਕੜਿਆਂ ਮੁਤਾਬਕ ਵੈਕਸੀਨ ਅਲਫ਼ਾ ਵੇਰੀਐਂਟ (ਬੀ.1.1.7 ਪੁਰਾਣੇ ਕੈਂਟ ਵੇਰੀਐਂਟ) ਖਿਲਾਫ਼ ਵੀ ਸੁਰੱਖਿਆ ਢਾਲ ਦਿੰਦੀ ਹੈ। -ਆਈਏਐੱਨਐੱਸ
ਮੈਸੂਰ ਵਿੱਚ ਡੈਲਟਾ ਪਲੱਸ ਕਿਸਮ ਦਾ ਪਹਿਲਾ ਕੇਸ ਰਿਪੋਰਟ
ਬੰਗਲੂਰੂ: ਮੈਸੂਰ ਵਿੱਚ ਕੋਵਿਡ-19 ਦੀ ਡੈਲਟਾ ਪਲੱਸ ਕਿਸਮ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤ ਵਿਅਕਤੀ ’ਚ ਹਾਲ ਦੀ ਘੜੀ ਕੋਵਿਡ-19 ਲਾਗ ਦਾ ਕੋਈ ਲੱਛਣ ਨਹੀਂ ਹੈ ਤੇ ਉਸ ਦੇ ਸੰਪਰਕ ਵਿੱਚ ਆਉਣ ਵਾਲਿਆਂ ’ਚੋਂ ਵੀ ਕਿਸੇ ਨੂੰ ਕਰੋਨਾ ਦੀ ਲਾਗ ਨਹੀਂ ਚਿੰਬੜੀ। ਸੂਬੇ ਦੇ ਸਿਹਤ ਮੰਤਰੀ ਕੇ.ਸੁਧਾਕਰ ਨੇ ਕਿਹਾ ਕਿ ਰਾਜ ਸਰਕਾਰ ਨਵੇਂ ਵੇਰੀਐਂਟ ਦੇ ਉਭਾਰ ਨੂੰ ਬੜੀ ਚੌਕਸੀ ਨਾਲ ਵੇਖ ਰਹੀ ਹੈ ਤੇ ਸੂਬੇ ਵਿੱਚ 6 ਜੀਨੋਮ ਲੈਬਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸੁਧਾਕਰ ਨੇ ਕਿਹਾ, ‘ਜਿੱਥੇ ਕਿਤੇ ਵੀ ਸਾਨੂੰ ਖ਼ਦਸ਼ਾ ਲਗਦਾ ਹੈ, ਉਥੇ ਅਸੀਂ ਜੀਨੋਮਿਕ ਸੀਕੁਐਂਸਿੰਗ ਕਰ ਰਹੇ ਹਾਂ। ਕੁੱਲ ਨਮੂਨਿਆਂ ਦੇ ਪੰਜ ਫੀਸਦ ਦੀ ਰੈਂਡਮ ਚੈਕਿੰਗ ਕੀਤੀ ਜਾ ਰਹੀ ਹੈ।’’ ਕਰਨਾਟਕ ਵਿੱਚ ਕੋਵਿਡ-19 ਦੇ ਰੋਜ਼ਾਨਾ ਡੇਢ ਤੋਂ ਦੋ ਲੱਖ ਤੱਕ ਟੈਸਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਡੈਲਟਾ ਪਲੱਸ ਸੀਕੁਐਂਸਿੰਗ ਦਾ ਸ਼ੱਕ ਹੁੰਦਾ ਹੈ, ਉਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਵੈਕਸੀਨ ਭੇਜੀ ਜਾ ਰਹੀ ਹੈ। -ਪੀਟੀਆਈ
‘ਡੈਲਟਾ ਪਲੱਸ ਕਿਸਮ ਬਾਰੇ ਘਬਰਾਉਣ ਲਈ ਢੁੱਕਵਾਂ ਡੇਟਾ ਮੌਜੂਦ ਨਹੀਂ’
ਮੁੰਬਈ: ਮਹਾਰਾਸ਼ਟਰ ਕੋਵਿਡ-19 ਟਾਸਕ ਫੋਰਸ ਦੇ ਮੈਂਬਰ ਡਾ. ਸ਼ਸ਼ਾਂਕ ਜੋਸ਼ੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦਹ ‘ਡੈਲਟਾ ਪਲੱਸ’ ਕਿਸਮ ਤੋਂ ਅਜੇ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਬਾਰੇ ਢੁੱਕਵੇਂ ਅੰਕੜੇ ਮੌਜੂਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ। ਲੋਕ ਮਾਸਕ ਪਾਉਣ, ਭੀੜ ਵਿੱਚ ਜਾਣ ਤੋਂ ਗੁਰੇਜ਼ ਕਰਨ ਤੇ ਟੀਕਾਕਰਨ ਕਰਵਾਉਣ। ਡਾ. ਜੋਸ਼ੀ ਨੇ ਇਕ ਟਵੀਟ ਵਿੱਚ ਕਿਹਾ, ‘‘ਫ਼ਿਕਰਮੰਦੀ ਵਾਲਾ ਵੇਰੀਐਂਟ, ਵੈਕਸੀਨ ਤੇ ਦਹਿਸ਼ਤ। ਫਿਕਰਮੰਦੀ ਵਾਲੇ ਵੇਰੀਐਂਟ ਡੇਲਟਾ ਪਲੱਸ ਬਾਰੇ ਚੌਕਸ ਕਰਨ ਲਈ ਢੁੱਕਵੇਂ ਅੰਕੜੇ ਮੌਜੂਦ ਨਹੀਂ ਹਨ, ਪਰ ਅਸੀਂ ਕਰੋਨਾਵਾਇਰਸ ਤੋਂ ਬਚਾਅ ਲਈ ਦੋਹਰਾ ਮਾਸਕ, ਭੀੜ ’ਚ ਜਾਣ ਤੋਂ ਗੁਰੇਜ਼ ਤੇ ਵੈਕਸੀਨੇਸ਼ਨ ਜਾਰੀ ਰੱਖਣ ਜਿਹੇ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਯਕੀਨੀ ਬਣਾਈਏ।’’ -ਪੀਟੀਆਈ