ਸ੍ਰੀਨਗਰ, 7 ਜੂਨ
ਜੰਮੂ ਕਸ਼ਮੀਰ ਦੀ ਪਾਰਟੀ ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਭਾਰਤ ਦੀਆਂ ਸੰਸਥਾਵਾਂ ਨੇ ਮਨੁੱਖੀ ਹੱਕਾਂ ਦੇ ਘਾਣ ਦਾ ਨੋਟਿਸ ਲੈਣਾ ਬੰਦ ਕਰ ਦਿੱਤਾ ਹੈ ਤੇ ਇਸੇ ਲਈ ਸੰਯੁਕਤ ਰਾਸ਼ਟਰ ਨੂੰ ‘ਦਖ਼ਲ ਦੇਣਾ’ ਪਿਆ ਹੈ। ਮਹਬਿੂਬਾ ਨੇ ਕਿਹਾ ਕਿ ਜੋ ਵੀ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਬੋਲਦਾ ਹੈ, ਉਸ ਨੂੰ ‘ਪਾਕਿਸਤਾਨੀ ਏਜੰਟ’ ਕਰਾਰ ਦਿੱਤਾ ਜਾਂਦਾ ਹੈ। ਮਹਬਿੂਬਾ ਨੇ ਪੀਡੀਪੀ ਦੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਲੀਸ ਚਾਰਜਸ਼ੀਟ ਵਿਚ ਦੋਸ਼ ਲਾਇਆ ਗਿਆ ਹੈ ਕਿ ਉਹ ਪਾਕਿਸਤਾਨ ਦੇ ਅਤਿਵਾਦੀ ਸੰਗਠਨਾਂ ਨਾਲ ਰਾਬਤੇ ਵਿੱਚ ਹੈ। ਮਹਬਿੂਬਾ ਨੇ ਇਕ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਕੁਝ ਦੂਤਾਂ ਨੇ ਪਾਰਾ ਦੀ ਗ੍ਰਿਫ਼ਤਾਰੀ ਦਾ ਮਾਮਲਾ ਉਠਾਇਆ ਹੈ। ਪਾਰਾ ਨੂੰ ਐਨਆਈਏ ਨੇ ਅਤਿਵਾਦੀ ਸੰਗਠਨਾਂ ਨਾਲ ਰਾਬਤਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ