ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਕਤੂਬਰ
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਖੇਤੀ ਸੋਧ ਬਿੱਲਾਂ ਤੋਂ ਹੁਣ ਹੋਰ ਸੂਬੇ ਵੀ ਸੇਧ ਲੈਣਗੇ ਅਤੇ ਪੰਜਾਬ ਦੀ ਤਰਜ਼ ’ਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕਰਨਗੇ। ਸ੍ਰੀ ਰਾਵਤ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਰਸਤਾ ਦਿਖਾਇਆ ਹੈ ਅਤੇ ਕਿਸਾਨਾਂ ਦੇ ਸੰਘਰਸ਼ ਨੇ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮਾਹੌਲ ਦੇਖ ਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਇਨ੍ਹਾਂ ਦੀ ਸਮੀਖਿਆ ਕਰਨੀ ਪਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੰਕਾਰ ਤਿਆਗਣਾ ਪਵੇਗਾ।
ਸਿੱਧੂ ਹਾਲੇ ਉਡੀਕ ਕਰਨ’
ਹਰੀਸ਼ ਰਾਵਤ ਨੇ ਲੰਘੇ ਕੱਲ੍ਹ ਨਵਜੋਤ ਸਿੱਧੂ ਦੇ ਜਨਮ ਦਿਨ ਮੌਕੇ ਕੇਕ ਕੱਟਣ ਤੋਂ ਇੱਕ ਦਿਨ ਮਗਰੋਂ ਆਖਿਆ ਕਿ ਤੋਹਫ਼ੇ ਲਈ ਹਾਲੇ ਨਵਜੋਤ ਸਿੱਧੂ ਨੂੰ ਉਡੀਕ ਕਰਨੀ ਹੋਵੇਗੀ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਰਾਹੁਲ ਗਾਂਧੀ ਦੇ ਸੱਚੇ ਸਿਪਾਹੀ ਹਨ। ਨਾਲ ਹੀ ਊਨ੍ਹਾਂ ਕਿਹਾ ਕਿ ਅਮਰਿੰਦਰ ਤੇ ਜਾਖੜ ਵੀ ਪਾਰਟੀ ਦੇ ਸਤੰਭ ਹਨ। ਇਸੇ ਦੌਰਾਨ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚ ਸੁਲ੍ਹਾ ਕਰਾਉਣ ਦਾ ਮਿਸ਼ਨ ਵਿੱਢਿਆ ਹੋਇਆ ਹੈ ਅਤੇ ਮੁੱਢਲੇ ਪੜਾਅ ’ਤੇ ਦੋਵਾਂ ਦਰਮਿਆਨ ਕੁਝ ਨਜ਼ਦੀਕੀ ਬਣਨ ਵੀ ਲੱਗੀ ਹੈ। ਲੰਘੇ ਕੱਲ੍ਹ ਨਵਜੋਤ ਸਿੱਧੂ ਨੇ ਸਦਨ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ। ਅੱਜ ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਲੰਘੇ ਕੱਲ੍ਹ ਸਦਨ ਵਿਚ ਬਹੁਤ ਚੰਗਾ ਬੋਲੇ ਹਨ ਅਤੇ ਉਨ੍ਹਾਂ ਨੂੰ ਸਿੱਧੂ ਦੇ ਜਨਮ ਦਿਨ ਦਾ ਅੱਜ ਪਤਾ ਚੱਲਿਆ। ਉਹ ਵੀ ਮੁਬਾਰਕਬਾਦ ਦੇਣਾ ਚਾਹੁੰਦੇ ਸਨ।