ਨਵੀਂ ਦਿੱਲੀ, 17 ਜਨਵਰੀ
ਕੇਂਦਰੀ ਗ੍ਰਹਿ ਮੰਤਰਾਲਾ ਆਗਾਮੀ ਪੰਜਾਬ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਰਾਜ ਨਾਲ ਸਬੰਧਤ ਮੁੱਖ ਭਾਜਪਾ ਆਗੂਆਂ ਨੂੰ ਕੇਂਦਰ ਦੀ ਸੁਰੱਖਿਆ ਛਤਰੀ ਮੁਹੱਈਆ ਕਰਵਾਏਗਾ। ਸੁਰੱਖਿਆ ਤਾਣੇ-ਬਾਣੇ ਵਿਚਲੇ ਸੂਤਰਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕੁਝ ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਦੀ ਸੁਰੱਖਿਆ ਵੀ ਵਧਾਈ ਜਾਵੇਗੀ। ਹਾਲਾਂਕਿ ਸੂਤਰਾਂ ਨੇ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਇਨ੍ਹਾਂ ਮੰਤਰੀਆਂ ਤੇ ਆਗੂਆਂ ਦੇ ਨਾਂ ਦੱਸਣ ਤੋਂ ਨਾਂਹ ਕਰ ਦਿੱਤੀ।
ਸੂਤਰਾਂ ਨੇ ਕਿਹਾ ਕਿ ਉਪਰੋਕਤ ਤੋਂ ਇਲਾਵਾ ਕੇਂਦਰ ਸਰਕਾਰ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਆਗੂਆਂ, ਕੁਝ ਹਿੰਦੂ ਧਾਰਮਿਕ ਸੰਗਠਨਾਂ ਤੇ ਹੋਰ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਵੀ ਵੀਆਈਪੀ ਸੁਰੱਖਿਆ ਮੁਹੱਈਆ ਕਰਵਾਏਗੀ। ਕੇਂਦਰ ਸਰਕਾਰ ਨੇ ਇਹ ਪੇਸ਼ਕਦਮੀ ਅਜਿਹੇ ਮੌਕੇ ਕੀਤੀ ਹੈ ਜਦੋਂਕਿ ਕੁਝ ਇੰਟੈਲੀਜੈਂਸ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨੇ ਪੰਜਾਬ ਅਸੈਂਬਲੀ ਚੋਣਾਂ ਦੇ ਅਮਲ ਨੂੰ ਲੀਹੋਂ ਲਾਉਣ ਲਈ ਆਪਣੇ ਸਾਰੇ ਦਹਿਸ਼ਤੀ ਵਿੰਗਾਂ ਨੂੰ ਸਰਗਰਮ ਕਰ ਦਿੱਤਾ ਹੈ। ਸੂਤਰਾਂ ਨੇ ਇੰਟੈਲੀਜੈਂਸ ਏਜੰਸੀਆਂ ਵੱਲੋਂ ਜਾਰੀ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਆਈਐੱਸਆਈ ਦੀ ਸ਼ਹਿ ਪ੍ਰਾਪਤ ਸਿੱਖ ਦਹਿਸ਼ਤੀ ਜਥੇਬੰਦੀਆਂ ਅਗਾਮੀ ਚੋਣਾਂ ਦੌਰਾਨ ਪੰਜਾਬ, ਯੂਪੀ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਚੋਣ ਰੈਲੀਆਂ ਦੇ ਨਾਲ ਕੁਝ ਪ੍ਰਮੁੱਖ ਆਗੂਆਂ ਜਾਂ ਵੀਵੀਆਈਪੀਜ਼ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਸੂਤਰਾਂ ਨੇ ਕਿਹਾ ਕਿ ਆਈਐੱਸਆਈ ਇਨ੍ਹਾਂ ਚੋਣਾਂ ਨੂੰ ਪੰਜਾਬ ਸਮੇਤ (ਚੋਣਾਂ ਵਾਲੇ) ਵੱਧ ਸਿੱਖ ਵਸੋਂ ਵਾਲੇ ਹੋਰਨਾਂ ਰਾਜਾਂ ਵਿੱਚ ਖ਼ਾਲਿਸਤਾਨੀ ਅੰਦੋਲਨ ਨੂੰ ਮੁੜ ਸਰਗਰਮ ਕਰਨ ਦੇ ਢੁੱਕਵੇਂ ਮੌਕੇ ਵਜੋਂ ਵੇਖ ਰਹੀ ਹੈ। ਇਹੀ ਵਜ੍ਹਾ ਹੈ ਕਿ ਆਈਐੱਸਆਈ ਨੇ ਸੂਬੇ ਵਿੱਚ ਚੋਣ ਅਮਲ ਨੂੰ ਲੀਹੋਂ ਲਾਹੁਣ ਲਈ ਛੋਟੇ-ਵੱਡੇ ਦਹਿਸ਼ਤੀ ਸੰਗਠਨਾਂ ਨੂੰ ਸਰਗਰਮ ਕਰ ਦਿੱਤਾ ਹੈ।
ਪੰਜਾਬ ਵਿੱਚ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਵਧਾ ਕੇ ‘ਜ਼ੈੱਡ’ ਕੀਤੀ ਗਈ ਸੀ। ਇਸੇ ਤਰ੍ਹਾਂ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਰਾਣਾ ਗੁਰਜੀਤ ਸਿੰਘ ਸੋਢੀ ਨੂੰ ਵੀ ਪਿਛਲੇ ਸਾਲ ਦਸੰਬਰ ’ਚ ‘ਜ਼ੈੱਡ’ ਵਰਗ ਦੀ ਸੁਰੱਖਿਆ ਦਿੱਤੀ ਗਈ ਹੈ। -ਆਈਏਐੱਨਐੱਸ