ਬਰਹਾਮਪੁਰ, 8 ਮਈ
ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ ਅੱਜ ਸ਼ੱਕੀ ਰੇਤ ਮਾਫ਼ੀਆ ਵੱਲੋਂ ਹਮਲਾ ਕਰਕੇ ਚਾਰ ਰੈਵੀਨਿਊ ਅਧਿਕਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਗੰਜਮ ਦੇ ਵਧੀਕ ਤਹਿਸੀਲਦਾਰ ਸੁਭੇਂਦੂ ਜੈਨਾ ਅਤੇ ਤਿੰਨ ਰੈਵੀਨਿਊ ਇੰਸਪੈਕਟਰ ਮਾਲੀ ਜਗਨਨਾਥਪੁਰ ਵਿੱਚ ਰੁਸ਼ੀਕੁਲਯਾ ਨਦੀ ਕਿਨਾਰੇ ਗ਼ੈਰਕਾਨੂੰਨੀ ਰੇਤ ਖਣਨ ਖ਼ਿਲਾਫ਼ ਮੁਹਿੰਮ ’ਤੇ ਸਨ। ਇਸ ਦੌਰਾਨ ਕੁਝ ਅਨਸਰਾਂ ਨੇ ਲੋਹੇ ਦੀਆਂ ਰਾਡਾਂ ਨਾਲ ਉਨ੍ਹਾਂ ’ਤੇ ਕਥਿਤ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਸਰਕਾਰੀ ਅਧਿਕਾਰੀਆਂ ਨੂੰ ਹਮਲਾਵਰਾਂ ਤੋਂ ਸਥਾਨਕ ਲੋਕਾਂ ਨੇ ਬਚਾਇਆ। ਛਤਰਪੁਰ ਸਬ ਡਿਵੀਜ਼ਨਲ ਪੁਲੀਸ ਆਫੀਸਰ (ਐੱਸਡੀਪੀਓ) ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਮਲੇ ਦੇ ਸਬੰਧ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਹਮਲੇ ਦੇ ਅਸਲ ਮਕਸਦ ਅਤੇ ਹੋਰਨਾਂ ਦੀ ਸ਼ਮੂਲੀਅਤ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।