ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਦਸੰਬਰ
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ਵਿੱਚ ਅੱਜ ਲੁਧਿਆਣਾ, ਬਰਨਾਲਾ ਤੇ ਮੋਗਾ ਤੋਂ ਵਰਕਰਾਂ ਦਾ ਜੱਥਾ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਇਆ। ਦੋ ਦਿਨ ਦੀ ਆਪਣੀ ਠਹਿਰ ਦੌਰਾਨ ਜਥਾ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨ ਧਰਨਿਆਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਹਾਜ਼ਰੀ ਲਗਵਾ ਕੇ ਸਾਂਝ ਪਾਵੇਗਾ। ਇਸ ਕਾਫ਼ਲੇ ਵਿੱਚ ਸ਼ਾਮਲ ਜਸਵੰਤ ਸਿੰਘ ਜੀਰਖ ਅਤੇ ਡਾ. ਰਜਿੰਦਰ ਪਾਲ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਖਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੇ ਸਮੁੱਚੇ ਮੁਲਕ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਕਲਾਕਾਰਾਂ, ਬੁੱਧੀਜੀਵੀਆਂ, ਸੇਵਾ-ਮੁਕਤ ਫੌਜੀਆਂ ਤੇ ਸਾਹਿਤਕਾਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚੱਲ ਰਿਹਾ ਸੰਘਰਸ਼ ਇਤਿਹਾਸਕ ਲੋਕ ਸੰਘਰਸ਼ ਵਿੱਚ ਵਟ ਗਿਆ ਹੈ, ਜੋ ਮੋਦੀ ਹਕੂਮਤ ਦੇ ਅੱਥਰੇ ਘੋੜੇ ਦੀ ਲਗਾਮ ਫੜ ਪਿਛਾਂਹ ਧੱਕਣ ਲਈ ਕਦਮ ਦਰ ਕਦਮ ਅੱਗੇ ਵਧ ਰਿਹਾ ਹੈ। ਅਜਿਹੇ ਸਮੇਂ ਇਨਕਲਾਬੀ ਕੇਂਦਰ, ਪੰਜਾਬ ਵਡੇਰੇ ਜਨਤਕ ਸਰੋਕਾਰਾਂ ਵਾਲੇ ਸਾਂਝੇ ਲੋਕ ਸੰਘਰਸ਼ ਵਿੱਚ ਸ਼ਾਮਲ ਹੋ ਕੇ ਆਪਣਾ ਫ਼ਰਜ਼ ਸਮਝਦਾ ਹੋਇਆ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਸ਼ਾਮਲ ਹੋਇਆ ਹੈ।