ਨਵੀਂ ਦਿੱਲੀ, 10 ਅਗਸਤ
ਸੁਪਰੀਮ ਕੋਰਟ ਨੇ ਟੀਵੀ ਡਬਿੇਟ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਲਈ ਭਾਜਪਾ ਦੀ ਮੁਅੱਤਲਸ਼ੁਦਾ ਮਹਿਲਾ ਤਰਜਮਾਨ ਨੂਪੁਰ ਸ਼ਰਮਾ ਖਿਲਾਫ਼ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਦਰਜ ਕੇਸਾਂ ਨੂੰ ਇਕੱਠਿਆਂ ਕਰਨ ਤੇ ਇਨ੍ਹਾਂ ਨੂੰ ਦਿੱਲੀ ਪੁਲੀਸ ਕੋਲ ਤਬਦੀਲ ਕਰਨ ਦੀ ਹਦਾਇਤ ਕੀਤੀ ਹੈ।
ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਸ਼ਰਮਾ ਨੂੰ ਗ੍ਰਿਫ਼ਤਾਰੀ ਤੋਂ ਦਿੱੱਤੀ ਰਾਹਤ ਵੀ ਵਧਾ ਦਿੱਤੀ ਹੈ। ਬੈਂਚ ਨੇ ਕਿਹਾ ਕਿ ਦਿੱੱਲੀ ਪੁਲੀਸ ਵੱਲੋਂ ਜਾਂਚ ਮੁਕੰਮਲ ਕੀਤੇ ਜਾਣ ਤੱਕ ਸ਼ਰਮਾ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸਿਖਰਲੀ ਕੋਰਟ ਨੇ ਸ਼ਰਮਾ ਨੂੰ ਉਸ ਖਿਲਾਫ਼ ਦਰਜ ਐੱਫਆਈਆਰ’ਜ਼ ਨੂੰ ਰੱਦ ਕਰਵਾਉਣ ਲਈ ਦਿੱਲੀ ਹਾਈ ਕੋਰਟ ਦਾ ਰੁਖ਼ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਸੁੁਪਰੀਮ ਕੋਰਟ ਨੇ ਕਿਹਾ ਕਿ ਭਵਿੱਖ ਵਿੱਚ ਦਰਜ ਹੋਣ ਵਾਲੀਆਂ ਸਾਰੀਆਂ ਐੱਫਆਈਆਰਜ਼ ਵੀ ਜਾਂਚ ਲਈ ਦਿੱਲੀ ਪੁਲੀਸ ਨੂੰ ਤਬਦੀਲ ਕੀਤੀਆਂ ਜਾਣ। ਬੈਂਚ ਨੇ ਕਿਹਾ ਕਿ ਦਿੱਲੀ ਪੁਲੀਸ ਦੇ ਇੰਟੈਲੀਜੈਂਸ ਫਿਊਜ਼ਨ ਤੇ ਸਟ੍ਰੈਟੇਜਿਕ ਅਪਰੇਸ਼ਨਜ਼ (ਆਈਐੱਫਐੱਸਓ) ਵੱਲੋਂ ਐੱਫਆਈਆਰ’ਜ਼ ਦੀ ਜਾਂਚ ਕੀਤੀ ਜਾਵੇਗੀ। ਸ਼ਰਮਾ ਵੱਲੋਂ ਟੀਵੀ ਡਬਿੇਟ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਨਾਲ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਕਈ ਖਾੜ੍ਹੀ ਮੁਲਕਾਂ ਨੇ ਵੀ ਇਸ ਬਾਰੇ ਤਿੱਖੇ ਪ੍ਰਤੀਕਰਮ ਦਿੱਤੇ ਸਨ। ਇਸੇ ਵਿਰੋਧ ਕਰਕੇ ਭਾਜਪਾ ਨੇ ਮਗਰੋਂ ਨੂਪੁਰ ਸ਼ਰਮਾ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਬੈਂਚ ਨੇ ਕਿਹਾ ਕਿ ਉਹ ਸਿਖਰਲੀ ਕੋਰਟ ਵੱਲੋਂ ਮੁਹੰਮਦ ਜ਼ੁਬੈਰ ਕੇਸ ਵਿੱਚ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਏਗੀ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਾਰਦੀਵਾਲਾ ਦੇ ਬੈਂਚ ਨੇ ਕਿਹਾ, ‘‘ਮੁਹੰਮਦ ਜ਼ੁਬੈਰ ਕੇਸ ਤੇ ਕੁਝ ਹੋਰਨਾਂ ਕੇਸਾਂ ਵਿੱਚ ਤਿੰਨ ਜੱਜਾਂ ਦੇ ਬੈਂਚ ਵਜੋਂ ਅਸੀਂ ਜੋ ਕੋਈ ਵੀ ਫੈਸਲਾ ਲਿਆ, ਅਸੀਂ ਉਸ ਦੀ ਪਾਲਣਾ ਕਰਾਂਗੇ।’’ ਤਿੰਨ ਮੈਂਬਰੀ ਬੈਂਚ ਨੇ 20 ਜੁਲਾਈ ਨੂੰ ਕੀਤੇ ਹੁਕਮਾਂ ਵਿੱਚ ਆਲਟ ਨਿਊਜ਼ ਦੇ ਸਹਿ-ਬਾਨੀ ਜ਼ੁਬੈਰ ਨੂੰ ਯੂਪੀ ਵਿੱਚ ਕਥਿਤ ਨਫ਼ਰਤੀ ਤਕਰੀਰ ਮਾਮਲੇ ਵਿੱਚ ਦਰਜ ਸਾਰੀਆਂ ਐੱਫਆਈਆਰ’ਜ਼ ਅੰਤਰਿਮ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਕੀਤੇ ਸਨ ਅਤੇ ਯੂਪੀ ਵਿੱਚ ਦਰਜ ਸਾਰੇ ਕੇਸ ਦਿੱਲੀ ਤਬਦੀਲ ਕਰ ਦਿੱਤੇ ਸਨ। -ਪੀਟੀਆਈ