ਨਵੀਂ ਦਿੱਲੀ (ਟਨਸ): ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਹੱਤਿਆ ਤੇ ਦੰਗਿਆਂ ਦੇ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਕਿਹਾ ‘ਪਹਿਲੀ ਨਜ਼ਰੇ ਮੁਲਜ਼ਮ ਖ਼ਿਲਾਫ਼ ਕੇਸ ਬਣਦਾ ਹੈ। ਇਸ ਲਈ ਦੋਸ਼ ਤੈਅ ਕੀਤੇ ਜਾਣ।’ ਜੱਜ ਨੇ ਕਿਹਾ ਕਿ ਦੋਸ਼ 16 ਦਸੰਬਰ ਨੂੰ ਤੈਅ ਕੀਤੇ ਜਾ ਸਕਦੇ ਹਨ ਜਦ ਸਾਬਕਾ ਕਾਂਗਰਸ ਆਗੂ ਨੂੰ ਗੁਨਾਹ ਕਬੂਲਣ ਜਾਂ ਸੁਣਵਾਈ ਦਾ ਸਾਹਮਣਾ ਕਰਨ ਬਾਰੇ ਪੁੱਛਿਆ ਜਾਵੇਗਾ। ਇਹ ਕੇਸ ਜਸਵੰਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਤਰੁਣ ਦੀਪ ਸਿੰਘ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਉਹ ਪੱਛਮੀ ਦਿੱਲੀ ਦੇ ਰਾਜ ਨਗਰ ਦੇ ਵਾਸੀ ਸਨ। ਕਤਲ ਪਹਿਲੀ ਨਵੰਬਰ 1984 ਨੂੰ ਕੀਤੇ ਗਏ ਸਨ।