ਨਵੀਂ ਦਿੱਲੀ, 31 ਅਗਸਤ
ਪਿਛਲੇ ਕਰੀਬ ਨੌਂ ਸਾਲਾਂ ਤੋਂ ਸੁਪਰਟੈੱਕ ਲਿਮਟਿਡ ਵੱਲੋਂ ਉਸਾਰੀ ਅਧੀਨ 40 ਮੰਜ਼ਿਲਾਂ ਦੋ ਟਾਵਰਾਂ ਦਾ ਵਿਰੋਧ ਕਰ ਰਹੇ ਹੋਮ ਬਾਇਰਜ਼ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਿਖਰਲੀ ਅਦਾਲਤ ਨੇ ਉਸਾਰੀ ਅਧੀਨ 40 ਮੰਜ਼ਿਲਾ ਜੋੜੇ ਟਾਵਰਾਂ ਨੂੰ ਢਾਹੁਣ ਦੇ ਹੁਕਮ ਦਿੰਦਿਆਂ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੀ ਹੀ ਤਸਦੀਕ ਕੀਤੀ ਹੈ। ਹੋਮ ਬਾਇਰਜ਼ ਦਾ ਤਰਕ ਸੀ ਕਿ ਇਨ੍ਹਾਂ ਟਾਵਰਾਂ ਕਰਕੇ ਸੂਰਜ ਦੀ ਰੌਸ਼ਨੀ ਤੇ ਤਾਜ਼ੀ ਹਵਾ ਵਿੱਚ ਅੜਿੱਕਾ ਪਏਗਾ ਤੇ ਸੁਪਰਟੈੱਕ ਲਿਮਟਿਡ ਵੱਲੋਂ ਨੌਇਡਾ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਉਸਾਰੀ ਨੇਮਾਂ ਦੀ ਉਲੰਘਣਾ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਸੀ। ਜਸਟਿਸ ਡੀ.ਵਾਈ.ਚੰਦਰਚੂੜ ਤੇ ਐੱਮ.ਆਰ.ਸ਼ਾਹ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਆਪਣੇ 140 ਸਫ਼ਿਆਂ ਦੇ ਫੈਸਲੇ ਵਿੱਚ ਕਿਹਾ, ‘‘ਅਲਾਹਾਬਾਦ ਹਾਈ ਕੋਰਟ ਵੱਲੋਂ ਏਪੈਕਸ ਤੇ ਸਿਯੇਨ (ਟੀ-16 ਤੇ ਟੀ-17) ਟਾਵਰਾਂ ਨੂੰ ਢਾਹੁਣ ਲਈ ਦਿੱਤੇ ਹੁਕਮ ਵਿੱਚ ਦਖ਼ਲ ਦੇਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਤੇ ਅਸੀਂ ਹਾਈ ਕੋਰਟ ਵੱਲੋਂ ਟਾਵਰ ਢਾਹੁਣ ਦੇ ਦਿੱਤੇ ਹੁਕਮਾਂ ਦੀ ਹੀ ਤਸਦੀਕ ਕਰਦੇ ਹਾਂ।’’ ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਦੀ ਵੀ ਪ੍ਰੋੜਤਾ ਕਰਦੀ ਹੈ, ਜਿਸ ’ਚ ਯੂਪੀ ਅਰਬਨ ਡਿਵੈਲਪਮੈਂਟ ਐਕਟ ਤੇ ਸਨਅਤੀ ਖੇਤਰ ਵਿਕਾਸ ਐਕਟ ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਸੁਪਰਟੈੱਕ ਲਿਮਟਿਡ ਤੇ ਨੋਇਡਾ ਅਧਿਕਾਰੀਆਂ ਤੋਂ ਕਾਨੂੰਨ ਦੀ ਉਲੰਘਣਾ ਲਈ ਪੁੱਛਗਿੱਛ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ