ਸ੍ਰੀਨਗਰ, 18 ਨਵੰਬਰ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇੱਥੇ ਹੈਦਰਪੋਰਾ ਮੁਕਾਬਲੇ ਦੀ ਅੱਜ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ’ਚ ਪੁਲੀਸ ਨੇ ਦੋ ਅਤਿਵਾਦੀਆਂ ਤੇ ਉਨ੍ਹਾਂ ਦੇ ਦੋ ਸਾਥੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਸਿਆਸੀ ਪਾਰਟੀਆਂ ਅਤੇ ਲੋਕਾਂ ਦੇ ਦਬਾਅ ਮਗਰੋਂ ਪੁਲੀਸ ਪ੍ਰਸ਼ਾਸਨ ਨੇ ਸ਼ੱਕੀ ਹਾਲਾਤ ’ਚ ਮਾਰੇ ਗਏ ਦੋਵੇਂ ਵਿਅਕਤੀਆਂ ਦੀਆਂ ਲਾਸ਼ਾਂ ਅੱਜ ਕਬਰ ’ਚੋਂ ਕੱਢ ਕੇ ਪਰਿਵਾਰਾਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਉੱਪ ਰਾਜਪਾਲ ਮਨੋਜ ਸਿਨਹਾ ਨੇ ਟਵੀਟ ਕੀਤਾ, ‘ਹੈਦਰਪੋਰਾ ਮੁਕਾਬਲੇ ਦੀ ਏਡੀਐੱਮ ਪੱਧਰ ਦੇ ਅਧਿਕਾਰੀ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਿਵੇਂ ਹੀ ਸਮਾਂਬੱਧ ਢੰਗ ਨਾਲ ਰਿਪੋਰਟ ਸੌਂਪੀ ਜਾਵੇਗੀ ਤਾਂ ਸਰਕਾਰ ਢੁੱਕਵੀਂ ਕਾਰਵਾਈ ਕਰੇਗੀ। ਜੰਮੂ ਕਸ਼ਮੀਰ ਪ੍ਰਸ਼ਾਸਨ ਬੇਕਸੂਰ ਨਾਗਰਿਕਾਂ ਦੀ ਜਾਨ ਦੀ ਰਾਖੀ ਕਰਨ ਲਈ ਪ੍ਰਤੀਬੱਧਤਾ ਦੁਹਰਾਉਂਦਾ ਹੈ ਤੇ ਉਹ ਯਕੀਨੀ ਬਣਾਏਗਾ ਕਿ ਕੋਈ ਅਨਿਆਂ ਨਾ ਹੋਵੇ।’ ਲੰਘੇ ਸੋਮਵਾਰ ਨੂੰ ਮੁਕਾਬਲੇ ’ਚ ਮਾਰੇ ਗਏ ਚਾਰ ਲੋਕਾਂ ’ਚੋਂ ਤਿੰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਵਿਚਾਲੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁਹੰਮਦ ਅਲਤਾਫ ਭੱਟ (ਮਕਾਨ ਮਾਲਕ), ਮੁਦਾਸਿਰ ਗੁਲ (ਕਿਰਾਏਦਾਰ) ਤੇ ਆਮਿਰ ਮਗਰੇ (ਗੁਲ ਨਾਲ ਕੰਮ ਕਰਨ ਵਾਲਾ ਲੜਕਾ) ਦੇ ਪਰਿਵਾਰ ਮੁਜ਼ਾਹਰਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਲਾਸ਼ਾਂ ਅੰਤਿਮ ਸਸਕਾਰ ਲਈ ਉਨ੍ਹਾਂ ਨੂੰ ਸੌਂਪੀਆਂ ਜਾਣ। ਮੁਕਾਬਲੇ ’ਚ ਮਾਰੇ ਗਏ ਚਾਰ ਜਣਿਆਂ ਦੀਆਂ ਲਾਸ਼ਾਂ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਦਫ਼ਨਾਈਆਂ ਗਈਆਂ ਹਨ। ਮ੍ਰਿਤਕ ਅਲਤਾਫ ਭੱਟ ਦੇ ਪਰਿਵਾਰ ਨੇ ਜਾਂਚ ਦੇ ਹੁਕਮ ਦਿੱਤੇ ਜਾਣ ਲਈ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਧੰਨਵਾਦ ਕੀਤਾ ਹੈ। ਉਸਦੇ ਭਰਾ ਨੇ ਮੰਗ ਕੀਤੀ ਕਤਲ ਕਰਨ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। -ਪੀਟੀਆਈ
ਗੁਪਕਾਰ ਗੱਠਜੋੜ ਨੇ ਮਾਮਲੇ ਦੀ ਜੁਡੀਸ਼ਲ ਜਾਂਚ ਮੰਗੀ
ਸ੍ਰੀਨਗਰ: ਗੁਪਕਾਰ ਗੱਠਜੋੜ ਨੇ ਅੱਜ ਮੰਗ ਕੀਤੀ ਹੈਦਰਪੁਰਾ ਮੁਕਾਬਲੇ ਦੀ ਜੁਡੀਸ਼ਲ ਜਾਂਚ ਕਰਵਾਈ ਜਾਵੇਗੀ ਕਿਉਂਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਮੈਜਿਸਟਰੇਟੀ ਜਾਂਚ ਦੇ ਦਿੱਤੇ ਹੁਕਮਾਂ ਨਾਲ ਘਟਨਾ ਦਾ ਸੱਚ ਸਾਹਮਣੇ ਨਹੀਂ ਆ ਸਕਦਾ। ਸੀਪੀਆਈ (ਐੱਮ) ਦੇ ਆਗੂ ਮੁਹੰਮਦ ਯੂਸਫ਼ ਤਰੀਗਾਮੀ ਨੇ ਕਿਹਾ, ‘ਹੈਦਰਾਪੁਰਾ ਘਟਨਾ ਦੀ ਭਰੋਸੇਯੋਗ ਜਾਂਚ ਲਈ ਅਸੀਂ ਅੱਜ ਸ਼ਾਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੱਤਰ ਲਿਖਾਂਗੇ। ਸਾਡੇ ਅਨੁਸਾਰ ਸਿਰਫ਼ ਜੁਡੀਸ਼ਲ ਜਾਂਚ ਹੀ ਭਰੋਸੇਯੋਗ ਤੇ ਨਿਰਪੱਖ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੂੰ ਛੱਡ ਕੇ ਗੁਪਕਾਰ ਗੱਠਜੋੜ ਦੇ ਸਾਰੇ ਆਗੂ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲ੍ਹਾ ਦੀ ਰਿਹਾਇਸ਼ ’ਚ ਇਕੱਠੇ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਮਹਬਿੂਬਾ ਨੂੰ ਅਥਾਰਿਟੀਆਂ ਨੇ ਉਨ੍ਹਾਂ ਦੀ ਰਿਹਾਇਸ਼ ਅੰਦਰ ਹਿਰਾਸਤ ’ਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ, ‘ਗੁਪਕਾਰ ਗੱਠਜੋੜ ਦੇ ਆਗੂਆਂ ਨੇ ਦੇਸ਼ ਦੇ ਲੋਕਾਂ ਤੇ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕਣ। ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਕਸ਼ਮੀਰ ਦੇ ਲੋਕਾਂ ਦਾ ਦਰਦ ਸਾਂਝਾ ਕੀਤੇ ਜਾਣ ਦੀ ਲੋੜ ਹੈ।’ -ਪੀਟੀਆਈ