ਨਵੀਂ ਦਿੱਲੀ, 23 ਜੁਲਾਈ
ਰੱਖਿਆ ਮੰਤਰਾਲੇ ਨੇ ਥਲ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੀ ਮਨਜ਼ੂਰੀ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਸੁਪਰੀਮ ਕੋਰਟ ਨੇ ਫਰਵਰੀ ਮਹੀਨੇ ਸੁਣਾਏ ਇਕ ਇਤਿਹਾਸਕ ਫੈਸਲੇ ਵਿੱਚ ਸ਼ੌਰਟ ਸਰਵਿਸ ਕਮਿਸ਼ਨ (ਐੱਸਐੱਸਸੀ) ਸਕੀਮ ਤਹਿਤ ਭਰਤੀ ਅਤੇ ਸੇਵਾਵਾਂ ਨਿਭਾ ਰਹੀਆਂ ਸਾਰੀਆਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਲਈ ਵਿਚਾਰੇ ਜਾਣ ਦੀ ਤਾਕੀਦ ਕੀਤੀ ਸੀ। ਥਲ ਸੈਨਾ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਕਿ ਸਰਕਾਰ ਦੇ ਉਪਰੋਕਤ ਹੁਕਮ ਨੇ ਮਹਿਲਾ ਅਧਿਕਾਰੀਆਂ ਨੂੰ ਥਲ ਸੈਨਾ ਵਿੱਚ ‘ਵਡੇਰੀ ਭੂਮਿਕਾ’ ਨਿਭਾਉਣ ਦੇ ਸਸ਼ਕਤ ਬਣਾਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕਰਨਲ ਆਨੰਦ ਨੇ ਕਿਹਾ, ‘ਸਰਕਾਰੀ ਹੁਕਮਾਂ ਤਹਿਤ ਸ਼ੌਰਟ ਸਰਵਿਸ ਕਮਿਸ਼ਨਡ (ਐੱਸਐੱਸਸੀ) ਮਹਿਲਾ ਅਧਿਕਾਰੀਆਂ ਨੂੰ ਭਾਰਤੀ ਥਲ ਸੈਨਾ ਦੀਆਂ ਸਾਰੀਆਂ ਦਸ ਸਟ੍ਰੀਮਾਂ ਵਿੱਚ ਸਥਾਈ ਕਮਿਸ਼ਨ ਮਿਲ ਜਾਵੇਗਾ।’ ਕਰਨਲ ਨੇ ਕਿਹਾ ਇਨ੍ਹਾਂ ਦਸ ਸਟ੍ਰੀਮਾਂ ਵਿੱਚ ਆਰਮੀ ਏਅਰ ਡਿਫੈਂਸ, ਸਿਗਨਲਜ਼, ਇੰਜਨੀਅਰਜ਼, ਆਰਮੀ ਏਵੀਏਸ਼ਨ, ਇਲੈਕਟ੍ਰੌਨਿਕਸ ਤੇ ਮਕੈਨੀਕਲ ਇੰਜਨੀਅਰਜ਼, ਆਰਮੀ ਸਰਵਿਸ ਕੋਰ ਤੇ ਇੰਟੈਲੀਜੈਂਸ ਕੋਰ ਸ਼ਾਮਲ ਹਨ। -ਪੀਟੀਆਈ