ਮੁੰਬਈ, 2 ਨਵੰਬਰ
ਪਿਛਲੇ ਮਹੀਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਰਹਿੰਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ ਮਗਰੋਂ ਆਮਦਨ ਕਰ ਅਧਿਕਾਰੀਆਂ ਨੇ ਇਨ੍ਹਾਂ ਦੀ ਮੁੰਬਈ, ਨਵੀਂ ਦਿੱਲੀ, ਪੁਣੇ, ਗੋਆ ਤੇ ਮਹਾਰਾਸ਼ਟਰ ਵਿੱਚ ਦੋ ਦਰਜਨ ਤੋਂ ਵੱਧ ਜਾਇਦਾਦਾਂ, ਜਿਨ੍ਹਾਂ ਦੀ ਮਾਰਕੀਟ ਕੀਮਤ 1400 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ, ਨੂੰ ਜ਼ਬਤ ਕਰਕੇ ਕੇਸ ਨਾਲ ਜੋੜਨ ਦੀ ਤਾਕੀਦ ਕੀਤੀ ਹੈ। ਆਮਦਨ ਕਰ ਵਿਚਲੇ ਸੂਤਰ ਨੇ ਕਿਹਾ ਕਿ ਬੇਨਾਮੀ ਜਾਇਦਾਦਾਂ ਬਾਰੇ ਉਨ੍ਹਾਂ ਦੀ ਡਿਵੀਜ਼ਨ ਨੇ ਬੇਨਾਬੀ ਪ੍ਰਾਪਰਟੀ ਟਰਾਂਜ਼ੈਕਸ਼ਨ ਰੋਕੂ ਐਕਟ 1988 ਤਹਿਤ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਹਨ। ਇਹ ਜਾਇਦਾਦਾਂ ਐੱਨਸੀਪੀ ਆਗੂ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦਾ ਪੁੱਤਰ ਪਾਰਥ ਪਵਾਰ ਵੀ ਸ਼ਾਮਲ ਹੈ, ਨਾਲ ਸਬੰਧਤ ਹਨ। ਅਜੀਤ ਪਵਾਰ ਐੱਨਸੀਪੀ ਮੁਖੀ ਸ਼ਰਦ ਪਵਾਰ ਦਾ ਭਤੀਜਾ ਹੈ। ਸੂਤਰ ਨੇ ਕਿਹਾ ਉਪ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਜਾਇਦਾਦਾਂ ਬਾਰੇ ਆਪਣੀ ਕਾਨੂੰਨੀ ਦਾਅਵੇਦਾਰੀ ਸਾਬਤ ਕਰਨ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਵੀ ਸਾਬਤ ਕਰਨਾ ਹੋਵੇਗਾ ਕਿ ਇਹ ਜਾਇਦਾਦਾਂ ਗੈਰਕਾਨੂੰਨੀ ਧਨ ਨਾਲ ਨਹੀਂ ਖਰੀਦੀਆਂ ਗਈਆਂ ਤੇ ਜਦੋਂ ਤੱਕ ਜਾਂਚ ਦਾ ਅਮਲ ਜਾਰੀ ਹੈ, ਉਹ ਇਨ੍ਹਾਂ ਜਾਇਦਾਦਾਂ ਨੂੰ ਨਹੀਂ ਵੇਚ ਸਕਣਗੇ।
ਇਨ੍ਹਾਂ ਜਾਇਦਾਦਾਂ ਵਿੱਚ ਸਤਾਰਾ ਵਿਚਲੀ ਜਾਰਨਦੇਸ਼ਵਰ ਖੰਡ ਫੈਕਟਰੀ ਵੀ ਸ਼ਾਮਲ ਹੈ, ਜਿਸ ਦੀ ਕੀਮਤ 600 ਕਰੋੜ ਰੁਪਏ ਦੱਸੀ ਜਾਂਦੀ ਹੈ। ਹੋਰਨਾਂ ਜਾਇਦਾਦਾਂ ਵਿੱਚ ਗੋਆ ਵਿੱਚ ਨਿਲਾਇਆ ਨਾਂ ਦਾ 250 ਕਰੋੜ ਦਾ ਰਿਜ਼ੌਰਟ, ਦੱਖਣੀ ਮੁੰਬਈ ਵਿੱਚ ਪਾਰਥ ਪਵਾਰ ਦਾ ਨਿਰਮਲ ਹਾਊਸ ਵਿਚਲਾ ਦਫਤਰ (ਜਿਸ ਦਾ ਮੁੱਲ 25 ਕਰੋੜ ਰੁਪਏ ਦੱਸਿਆ ਜਾਂਦਾ ਹੈ), ਦੱਖਣੀ ਦਿੱਲੀ ’ਚ 20 ਕਰੋੜ ਰੁਪਏ ਦਾ ਫਲੈਟ ਤੇ ਮਹਾਰਾਸ਼ਟਰ ਵਿੱਚ ਦੋ ਦਰਜਨ ਤੋਂ ਵੱਧ ਲੋਕੇਸ਼ਨਾਂ ’ਤੇ 500 ਕਰੋੜ ਰੁਪਏ ਦੇ ਬਾਜ਼ਾਰੀ ਮੁੱਲ ਵਾਲੇ ਲੈਂਡ ਪਾਰਸਲ ਸ਼ਾਮਲ ਹਨ। -ਪੀਟੀਆਈ
ਊਧਵ ਵੱਲੋਂ ਸ਼ਰਦ ਪਵਾਰ ਤੇ ਪਰਿਵਾਰ ਦੇ ਵਿਕਾਸ ਦ੍ਰਿਸ਼ਟੀਕੋਣ ਦੀ ਤਾਰੀਫ਼
ਪੁਣੇ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐੱਨਸੀਪੀ ਮੁਖੀ ਸ਼ਰਦ ਪਵਾਰ ਤੇ ਉਨ੍ਹਾਂ ਦੇ ਪਰਿਵਾਰ ਦੇ ਵਿਕਾਸ ਨੂੰ ਲੈ ਕੇ ਦ੍ਰਿਸ਼ਟੀਕੋਣ ਦੀ ਤਾਰੀਫ਼ ਕੀਤੀ ਹੈ। ਪਵਾਰ ਦੇ ਪਿੱਤਰੀ ਕਸਬੇ ਬਾਰਾਮਤੀ ਵਿੱਚ ਇਨਕੁਬੇਸ਼ਨ ਤੇ ਇਨੋਵੇਸ਼ਨ ਕੇਂਦਰ ਤੇ ਸਾਇੰਟਫਿਕ ਰਿਸਰਚ ਇੰਸਟੀਚਿਊਟ ਦੇ ਉਦਘਾਟਨ ਲਈ ਪੁੱਜੇ ਠਾਕਰੇ ਨੇ ਸ਼ਰਦ ਪਵਾਰ ਨੂੰ ‘ਚੜ੍ਹਦੀ ਕਲਾ ’ਚ ਰਹਿਣ ਵਾਲਾ ਆਗੂ’ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਐੱਨਸੀਪੀ ਆਗੂ ਨੇ ਹਰ ਕਿਸੇ ਨੂੰ ‘ਵਿਕਾਸ ਦਾ ਸੂਰਜ’ ਵਿਖਾਇਆ ਹੈ। ਊਧਵ ਠਾਕਰੇ ਨੇ ਕਿਹਾ, ‘‘ਪਵਾਰ ਸਾਹਿਬ ਸੂਬੇ ਦੀ ਅਗਵਾਈ ਕਰ ਰਹੇ ਹਨ, ਉਹ ਇਥੇ ਅਜਿਹੀਆਂ ਕਈ ਸੰਸਥਾਵਾਂ ਦੀ ਅਗਵਾਈ ਕਰ ਰਹੇ ਹਨ ਤੇ ਉਹ ਲਗਾਤਾਰ ਕੰਮ ਕਰੀ ਜਾ ਰਹੇ ਹਨ, ਉਨ੍ਹਾਂ ਦਾ ਪਰਿਵਾਰ ਵੀ ਬਿਨਾਂ ਥੱਕੇ ਇਕੋ ਜਨੂੰਨ ਨਾਲ ਲੱਗਾ ਹੋਇਆ ਹੈ ਤੇ ਇਹ ਵਿਕਾਸ ਦਾ ਜਨੂੰਨ ਹੈ।’’ ਠਾਕਰੇ ਨੇ ਕਿਹਾ ਕਿ ਸਿਆਸਤ ਵਿੱਚ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। -ਪੀਟੀਆਈ