ਸ੍ਰੀਨਗਰ, 25 ਮਾਰਚ
ਜੰਮੂ ਤੇ ਕਸ਼ਮੀਰ ਪੁਲੀਸ ਨੇ ‘ਅਣਸੁਖਾਵੀਂ ਰਿਪੋਰਟ’ ਦੇ ਹਵਾਲੇ ਨਾਲ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਦਾ ਪਾਸਪੋਰਟ ਨਵਿਆਏ ਜਾਣ ਦਾ ਵਿਰੋਧ ਕੀਤਾ ਹੈ। ਪੁਲੀਸ ਨੇ ਅੱਜ ਜੰਮੂ ਤੇ ਕਸ਼ਮੀਰ ਹਾਈ ਕੋਰਟ ਵਿੱਚ ਇਕ ਰਿਪੋਰਟ ਦਾਖ਼ਲ ਕਰਕੇ ਉਪਰੋਕਤ ਦਾਅਵਾ ਕੀਤਾ ਹੈ। ਹਾਈ ਕੋਰਟ ਵਿੱਚ ਮਹਬਿੂਬਾ ਦਾ ਪਾਸਪੋਰਟ ਨਵਿਆਉਣ ਵਿੱਚ ਹੋ ਰਹੀ ਦੇਰੀ ਖਿਲਾਫ਼ ਸੁਣਵਾਈ ਚੱਲ ਰਹੀ ਹੈ।
ਸਾਬਕਾ ਮੁੱਖ ਮੰਤਰੀ ਮਹਬਿੂਬਾ ਨੇ ਪਿਛਲੇ ਸਾਲ ਦਸੰਬਰ ਵਿੱਚ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਸੀ। ਮਹਬਿੂਬਾ ਦੇ ਪੁਰਾਣੇ ਪਾਸਪੋਰਟ ਦੀ ਮਿਆਦ 31 ਮਈ ਨੂੰ ਖ਼ਤਮ ਹੋ ਗਈ ਸੀ, ਪਰ ਪੁਲੀਸ ਦੀ ਵੈਰੀਫਿਕੇਸ਼ਨ (ਤਸਦੀਕੀ) ਰਿਪੋਰਟ ਦੀ ਅਣਹੋਂਦ ਵਿੱਚ ਪਾਸਪੋਰਟ ਨਵਿਆਉਣ ਦਾ ਅਮਲ ਲਟਕ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਨੇ ਮਹਬਿੂਬਾ ਖ਼ਿਲਾਫ਼ ‘ਉਲਟ ਰਿਪੋਰਟ’ ਦਿੱਤੀ ਹੈ। ਅਧਿਕਾਰੀਆਂ ਨੇ ਹਾਲਾਂਕਿ ਇਹ ਕਹਿੰਦਿਆਂ ਰਿਪੋਰਟ ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ ਕਿ ਇਸ ਨੂੰ ਹਾਈ ਕੋਰਟ ’ਚ ਰੱਖਿਆ ਜਾਵੇਗਾ। ਦੱਸਣਾ ਬਣਦਾ ਹੈ ਕਿ 23 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਜਸਟਿਸ ਅਲੀ ਮੁਹੰਮਦ ਮਗਰੇ ਨੇ ਸੀਆਈਡੀ ਵੈਰੀਫਿਕੇਸ਼ਨ ਰਿਪੋਰਟ ਦੀ ਅਜੇ ਉਡੀਕ ਹੋਣ ਦੇ ਮੱਦੇਨਜ਼ਰ ਕੇਸ ਦੀ ਅਗਲੀ ਸੁਣਵਾਈ 29 ਮਾਰਚ ਨਿਰਧਾਰਿਤ ਕਰ ਦਿੱਤੀ ਸੀ। ਵਿਦੇਸ਼ ਮੰਤਰਾਲੇ ਤੇ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਵਧੀਕ ਸੌਲੀਸਿਟਰ ਜਨਰਲ ਟੀ.ਐੱਮ.ਸ਼ਮਸੀ ਪੇਸ਼ ਹੋਏ ਸਨ। ਮਹਬਿੂਬਾ ਵੱਲੋਂ ਪੇਸ਼ ਵਕੀਲ ਨੇ ਕਿਹਾ ਸੀ ਕਿ ਖੇਤਰੀ ਪਾਸਪੋਰਟ ਦਫ਼ਤਰ ਜੇਕੇ ਸੀਆਈਡੀ ਰਿਪੋਰਟ ਦੇ ਹਵਾਲੇ ਨਾਲ ਪਾਸਪੋਰਟ ਨਵਿਆਉਣ ਵਿੱਚ ਬੇਵਜ੍ਹਾ ਦੇਰੀ ਕਰ ਰਿਹਾ ਹੈ। -ਪੀਟੀਆਈ
ਮਹਬਿੂਬਾ ਮੁਫ਼ਤੀ ਈਡੀ ਦੇ ਸ੍ਰੀਨਗਰ ਦਫ਼ਤਰ ਵਿੱਚ ਪੇਸ਼
ਸ੍ਰੀਨਗਰ: ਪੀਡੀਪੀ ਦੀ ਮੁਖੀ ਮਹਬਿੂਬਾ ਮੁਫ਼ਤੀ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ ਦੇ ਸਥਾਨਕ ਦਫ਼ਤਰ ਵਿੱਚ ਪੇਸ਼ ਹੋਈ। ਅਧਿਕਾਰੀਆਂ ਨੇ ਕਿਹਾ ਕਿ ਮੁਫ਼ਤੀ ਜਾਂਚ ਏਜੰਸੀ ਦੇ ਰਾਜਬਾਗ਼ ਸਥਿਤ ਦਫ਼ਤਰ ਵਿੱਚ ਸਵੇਰੇ 11 ਵਜੇ ਪੁੱਜੀ ਤੇ ਸਵਾਲਾਂ ਦੇ ਜਵਾਬ ਦਿੱਤੇ। ਈਡੀ ਨੇ ਇਸ ਤੋਂ ਪਹਿਲਾਂ ਮੁਫ਼ਤੀ ਨੂੰ ਲੰਘੇ ਸੋਮਵਾਰ ਨੂੰ ਦਿੱਲੀ ਸੱਦਿਆ ਸੀ, ਪਰ ਸਾਬਕਾ ਮੁੱਖ ਮੰਤਰੀ ਅਗਾਊਂ ਕੋਈ ਰੁਝੇਵਾਂ ਹੋਣ ਦੇ ਹਵਾਲੇ ਨਾਲ ਪੇਸ਼ ਨਹੀਂ ਹੋਈ। -ਪੀਟੀਆਈ