ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਐਮਐੱਸਪੀ ਉਤੇ ਬਣੀ ਕਮੇਟੀ ਦੀ ਅਗਾਮੀ ਮੀਟਿੰਗ ਦਾ ਵਿਰੋਧ ਕੀਤਾ। ਇਹ ਮੀਟਿੰਗ ਅਗਲੇ ਹਫ਼ਤੇ ਹੋਣੀ ਹੈ। ਉਨ੍ਹਾਂ ਇਸ ਕਮੇਟੀ ਨੂੰ ‘ਮਹਿਜ਼ ਡਰਾਮਾ’ ਕਰਾਰ ਦਿੱਤਾ ਤੇ ਕਿਹਾ ਕਿ ਇਸ ਵਿਚੋਂ ਕੁਝ ਠੋਸ ਨਹੀਂ ਨਿਕਲੇਗਾ। ਆਗੂਆਂ ਨੇ ਕਿਹਾ ਕਿ ਉਹ ਪਹਿਲਾਂ ਹੀ ‘ਕਿਸਾਨ ਵਿਰੋਧੀ ਕਮੇਟੀ’ ਨੂੰ ਨਕਾਰ ਚੁੱਕੇ ਹਨ ਤੇ 22 ਅਗਸਤ ਨੂੰ ਹੋਣ ਵਾਲੀ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ। ਮੀਟਿੰਗ ਦਿੱਲੀ ਵਿਚ ਹੋਵੇਗੀ। ਸੂਤਰਾਂ ਮੁਤਾਬਕ ਪਹਿਲੀ ਮੀਟਿੰਗ ਵਿਚ ਮੈਂਬਰਾਂ ਦੀ ਜਾਣ-ਪਛਾਣ ਵੀ ਕਰਾਈ ਜਾਵੇਗੀ। ਇਸ ਤੋਂ ਇਲਾਵਾ ਹੋਰਨਾਂ ਮੁੱਦਿਆਂ ’ਤੇ ਵਿਚਾਰ ਲਈ ਸਬ-ਕਮੇਟੀਆਂ ਬਣਾਉਣ ਬਾਰੇ ਵੀ ਚਰਚਾ ਹੋਵੇਗੀ। ਅੱਜ ਦੀ ਮੀਟਿੰਗ ਵਿਚ ਕਿਸਾਨ ਆਗੂ ਹਨਨ ਮੌਲਾ, ਦਰਸ਼ਨ ਪਾਲ ਤੇ ਹੋਰ ਹਾਜ਼ਰ ਸਨ। ਮੋਰਚੇ ਵੱਲੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਅਵੇਸਲੇਪਨ ਖ਼ਿਲਾਫ਼ 18 ਅਗਸਤ ਤੋਂ 21 ਅਗਸਤ ਤੱਕ ਅੰਦੋਲਨ ਕੀਤਾ ਜਾਵੇਗਾ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਯੂਪੀ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ, ਹਰਿਆਣਾ, ਉੱਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ ਸਮੇਤ 20 ਤੋਂ ਵੱਧ ਰਾਜਾਂ ਦੇ ਕਿਸਾਨ ਲਖੀਮਪੁਰ ਮੰਡੀ ਵਿੱਚ ਇਕੱਠੇ ਹੋਣਗੇ। -ਪੀਟੀਆਈ