ਗੁਹਾਟੀ, 10
ਭਾਜਪਾ ਦੀ ਸੱਤਾ ਵਾਲੇ ਅਸਾਮ ਵਿੱਚ ਸਰਕਾਰੀ ਮਾਲਕੀ ਵਾਲੀਆਂ ਹਿੰਦੁਸਤਾਨ ਪੇਪਰ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੈੱਲ) ਦੀਆਂ ਦੋ ਪੇਪਰ ਮਿੱਲਾਂ ਨੂੰ ਵੇਚਣ ਦੇ ਫੈਸਲੇ ਦਾ ਤੇਜ਼ੀ ਨਾਲ ਵਿਰੋਧ ਹੋਣ ਲੱਗਾ ਹੈ। ਵਿਰੋਧੀ ਪਾਰਟੀਆਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਅਸਾਮ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ, ਜੇਲ੍ਹ ਵਿੱਚ ਬੰਦ ਵਿਧਾਇਕ ਅਖਿਲ ਗੋਗੋਈ ਦੀ ਅਗਵਾਈ ਵਾਲੇ ਰਾਏਜੋਰ ਦਲ, ਅਸਾਮ ਜਾਟੀਆ ਪ੍ਰੀਸ਼ਦ, ਮਾਨਤਾ ਪ੍ਰਾਪਤ ਯੂਨੀਅਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀਆਰਯੂ), ਵੱਖ ਵੱਖ ਹੋਰਨਾਂ ਜਥੇਬੰਦੀਆਂ ਤੇ ਵਿਅਕਤੀ ਵਿਸ਼ੇਸ਼ ਨੇ ਕੇਂਦਰ ਸਰਕਾਰ ਸਮੇਤ ਅਸਾਮ ਸਰਕਾਰ ਨੂੰ ਐੱਚਪੀਸੀਐੱਲ ਦੀ ਮਾਲਕੀ ਵਾਲੀਆਂ ਬੰਦ ਪਈਆਂ ਦੋਵੇਂ ਪੇਪਰ ਮਿੱਲਾਂ ਨੂੰ ਨਾ ਵੇਚਣ ਦੀ ਅਪੀਲ ਕੀਤੀ ਹੈ।
ਅਸਾਮ ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਲਿਖੇ ਵੱਖੋ-ਵੱਖਰੇ ਪੱਤਰਾਂ ਵਿੱਚ ਕਿਹਾ ਹੈ ਕਿ ਦੋਵੇਂ ਪੇਪਰ ਮਿੱਲਾਂ ਤੇ ਇਸ ਦੇ ਮੁਲਾਜ਼ਮਾਂ ਨੂੰ ਬਚਾਉਣ ਤੇ ਮੁੜ ਪੈਰਾਂ ਸਿਰ ਕਰਨ ਲਈ ਢੁੱਕਵਾਂ ਪੈਕੇਜ ਤਿਆਰ ਕੀਤਾ ਜਾ ਸਕਦਾ ਹੈ, ਕਿਉਂਕਿ ਕੇਰਲਾ ਸਰਕਾਰ ਨੇ ਐੱਚਪੀਸੀਐੱਲ ਦੀ ਸਹਾਇਕ ਇਕਾਈ ਹਿੰਦੁਸਤਾਨ ਨਿਊਜ਼ ਪ੍ਰਿੰਟ ਲਿਮਟਿਡ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। -ਆਈਏਐੱਨਐੱਸ