ਲੰਡਨ, 8 ਸਤੰਬਰ
ਨੀਰਵ ਮੋਦੀ ਦੀ ਕਾਨੂੰਨੀ ਟੀਮ ਨੇ ਅੱਜ ਉੁਸ ਨੂੰ ਭਾਰਤ ਹਵਾਲੇ ਕਰਨ ਦਾ ਵਿਰੋਧ ਕਰਦਿਆਂ ਬਰਤਾਨੀਆ ਦੀ ਅਦਾਲਤ ਨੂੰ ਦੱਸਿਆ ਕਿ ਨੀਰਵ ਖ਼ਿਲਾਫ਼ ਭਾਰਤ ’ਚ ਅਦਾਲਤੀ ਕਾਰਵਾਈ ਪਾਰਦਰਸ਼ੀ ਨਹੀਂ ਹੋਵੇਗੀ ਕਿਉਂਕਿ ਉੱਥੇ ਉਸ ਦੇ ਕੇਸ ਦਾ ਸਿਆਸੀਕਰਨ ਕੀਤਾ ਗਿਆ ਹੈ ਅਤੇ ਭਾਰਤੀ ਜੇਲ੍ਹਾਂ ’ਚ ਚੰਗੀਆਂ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਉਸ ਦੇ ਖੁਦਕੁਸ਼ੀ ਕਰਨ ਦਾ ਜੋਖਮ ਵੀ ਵੱਧ ਹੈ। ਹੀਰਿਆਂ ਦਾ ਭਗੌੜਾ ਕਾਰੋਬਾਰੀ ਭਾਰਤ ਨੂੰ ਪੰਜਾਬ ਨੈਸ਼ਨਲ ਬੈਂਕ ਨਾਲ ਤਕਰਬੀਨ ਦੋ ਅਰਬ ਡਾਲਰ ਦੇ ਘਪਲੇ ਤੇ ਹਵਾਲਾ ਨਾਲ ਸਬੰਧਤ ਕੇਸ ’ਚ ਲੋੜੀਦਾ ਹੈ। ਇੱਥੇ ਨੀਰਵ ਮੋਦੀ ਖ਼ਿਲਾਫ਼ ਸ਼ੁਰੂ ਹੋਈ ਸੁਣਵਾਈ ਦੇ ਦੂਜੇ ਦਿਨ ਉਸ ਦੀ ਕਾਨੂੰਨੀ ਟੀਮ ਨੇ ਜਸਟਿਸ ਸੈਮੁਅਲ ਗੂਜ਼ੀ ਕੋਲ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚ ਕਰੋਨਾ ਕਾਰਨ ਵਿਗੜੇ ਹਾਲਾਤ ਦੇ ਅੰਕੜੇ ਵੀ ਪੇਸ਼ ਕੀਤੇ ਜਿੱਥੇ ਨੀਰਵ ਮੋਦੀ ਨੂੰ ਹਵਾਲਗੀ ਮਗਰੋਂ ਰੱਖਿਆ ਜਾਣਾ ਹੈ। -ਪੀਟੀਆਈ