ਗੁਹਾਟੀ, 29 ਜੂਨ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਅਸਾਮ ਦੀਆਂ ਵਿਰੋਧੀ ਪਾਰਟੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਜਦੋਂ ਸੂਬੇ ਦੇ ਲੋਕ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਤਾਂ ਵਿਰੋਧੀ ਧਿਰਾਂ ਇਕਾਂਤਵਾਸ ਵਿੱਚ ਸਨ ਅਤੇ ਕੁੱਝ ਆਈਸੀਯੂ ਦੀ ਹਾਲਤ ਵਿੱਚ ਪਹੁੰਚ ਗਈਆਂ ਸਨ, ਜਦੋਂਕਿ ਭਗਵਾਂ ਪਾਰਟੀ ਦੇ ਕਾਰਕੁਨ ਮੁਸ਼ਕਲ ਹਾਲਾਤ ਵਿੱਚ ਵੀ ਲੋਕਾਂ ਦੀ ਮਦਦ ਲਈ 24-24 ਘੰਟੇ ਕੰਮ ਕਰ ਰਹੇ ਸਨ। ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਵਰਚੁਅਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਸਿਰਫ਼ ਚੋਣਾਂ ਦੌਰਾਨ ‘ਸਿਆਸੀ ਸੈਲਾਨੀਆਂ’ ਵਾਂਗ ਬਾਹਰ ਨਿਕਲਦੀਆਂ ਹਨ, ਪਰ ਚੋਣ ਅਮਲ ਪੂਰਾ ਹੋਣ ਮਗਰੋਂ ਕਿਤੇ ਨਜ਼ਰ ਨਹੀਂ ਆਉਂਦੀਆਂ। ਉਨ੍ਹਾਂ ਕਿਹਾ, ‘‘ਸਾਰੀਆਂ ਵਿਰੋਧੀ ਧਿਰਾਂ ਇਕਾਂਤਵਾਸ ਰਹੀਆਂ, ਜਿਨ੍ਹਾਂ ਵਿੱਚੋਂ ਕੁੱਝ ਤਾਂ ਆਈਸੀਯੂ ’ਚ ਪਹੁੰਚ ਗਈਆਂ। ਉਹ ਭਾਜਪਾ ਮੈਂਬਰ ਹੀ ਸਨ, ਜੋ ਮੁਸ਼ਕਲ ਹਾਲਾਤ ਵਿੱਚ ਵੀ ਲੋਕਾਂ ਨਾਲ ਡਟੇ ਰਹੇ।’’ ਨੱਢਾ ਨੇ ਪਾਰਟੀ ਦੇ ਸੂਬਾਈ ਇਕਾਈ ਦੇ ਨਵਨਿਯੁਕਤ ਪ੍ਰਧਾਨ ਭਬੇਸ਼ ਕਲੀਤਾ ਅਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਅਪੀਲ ਕੀਤੀ ਕਿ ਉਹ ‘ਮਿਸ਼ਨ’ ਲੈ ਕੇ ਸੂਬੇ ਦੇ ਲੋਕਾਂ ਦਾ ਟੀਕਾਕਰਨ ਕਰਨ।
ਨੱਢਾ ਨੇ ਕਿਹਾ ਕਿ ਇਹ ਸੁਣ ਕੇ ਖ਼ੁਸ਼ੀ ਹੋਈ ਕਿ ਸੂਬੇ ਵਿੱਚ 2300 ਵੈਕਸੀਨੇਸ਼ਨ ਸੈਂਟਰ ਸਰਗਰਮ ਹਨ, ਜਿਸ ਵਿੱਚ 69 ਲੱਖ ਲੋਕ ਕਰੋਨਾ ਰੋਕੂ ਖ਼ੁਰਾਕ ਲੈ ਚੁੱਕੇ ਹਨ ਅਤੇ 21 ਜੂਨ ਨੂੰ ਸਿਰਫ਼ ਇੱਕ ਦਿਨ ਵਿੱਚ ਸਭ ਤੋਂ ਵੱਧ 3.75 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਗਿਆ। -ਪੀਟੀਆਈ