ਸ੍ਰੀਨਗਰ, 7 ਮਈ
ਨੈਸ਼ਨਲ ਕਾਂਗਰਸ ਦੇ ਸੁਪਰੀਮੋ ਅਤੇ ਸਾਬਕਾ ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਇੱਥੇ ਮੁੱਖ ਵਿਰੋਧੀ ਧਿਰਾਂ ਨੂੰ ਮਜ਼ਬੂਤ ਖੇਤਰੀ ਪਾਰਟੀਆਂ ਦਾ ਸਮਰਥਨ ਕਰਨ ਦਾ ਸੱਦਾ ਦਿੰਦਿਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ‘ਇੱਕ ਦੇ ਮੁਕਾਬਲੇ ਇੱਕ’ ਦੀ ਰਣਨੀਤੀ ਉਲੀਕਣ ‘ਤੇ ਜ਼ੋਰ ਦਿੱਤਾ। ਅਬਦੁੱਲਾ ਨੇ ਕਿਹਾ, ”ਮੈਨੂੰ ਵਿਰੋਧੀ ਧਿਰਾਂ ਦੀ ਏਕਤਾ ਬਾਰੇ ਪੂਰਾ ਯਕੀਨ ਨਹੀਂ ਹੈ ਪਰ ਜਿੱਥੋਂ ਤੱਕ ਲੋਕ ਸਭਾ ਚੋਣਾਂ ਦਾ ਸਬੰਧ ਹੈ, ਮੇਰੇ ਖਿਆਲ ਅਨੁਸਾਰ ਹੁਣ ਰਾਜ ਮਾਇਨੇ ਰੱਖਦੇ ਹਨ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ।”
ਫਾਰੂਕ ਅਬਦੁੱਲਾ ਨੇ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਮਜ਼ਬੂਤ ਹੈ ਤਾਂ ‘ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਟੀਮੀਐੱਸ ਨੇਤਾਵਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਬਜਾਏ ਚੰਗਾ ਪ੍ਰਦਰਸ਼ਨ ਕਰੇ। ਇਸੇ ਤਰ੍ਹਾਂ, ਬਿਹਾਰ ਵਿੱਚ ਨਿਤੀਸ਼ (ਕੁਮਾਰ ਦੀ ਜੇਡੀਯੂ) ਅਤੇ ਆਰਜੇਡੀ, ਜੇ ਉਹ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਤਾਂ ਉਨ੍ਹਾਂ ਲਈ ਰੁਕਾਵਟਾਂ ਨਾ ਪੈਦਾ ਕਰੋ। ਇਵੇਂ ਹੀ ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ (ਸਪਾ ਦਾ ਯਾਦਵ) ਚੰਗਾ ਕੰਮ ਕਰ ਰਿਹਾ ਹੈ ਤਾਂ ਆਓ ਅਜਿਹੀ ਸਥਿਤੀ ਨਾ ਪੈਦਾ ਕਰੀਏ।’ ਅਬਦੁੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਜੇਕਰ ਤੁਸੀਂ ਸੱਚਮੁੱਚ ਉਨ੍ਹਾਂ (ਭਾਜਪਾ) ਨੂੰ ਹਰਾਉਣਾ ਚਾਹੁੰਦੇ ਹੈ ਤਾਂ ਇੱਕ ਦੇ ਵਿਰੁੱਧ ਇੱਕ ਹੋਣਾ ਚਾਹੀਦਾ ਹੈ। ਜਿੱਥੇ ਕਾਂਗਰਸ ਦਾ ਉਮੀਦਵਾਰ ਜਿੱਤ ਸਕਦਾ ਹੈ, ਉੱਥੇ ਦੂਜੇ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਜਿੱਥੇ ਕੋਈ ਹੋਰ ਪਾਰਟੀ ਜਿੱਤ ਸਕਦੀ ਹੈ, ਉਸ ਪਾਰਟੀ ਨੂੰ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਮੌਕਾ ਦਿੱਤਾ ਜਾਵੇ। ਇਹ ਅਸਲ ਵਿੱਚ ਉਨ੍ਹਾਂ ਦੀ ਖੇਡ ਵਿੱਚ ਹੀ ਉਨ੍ਹਾਂ ਨੂੰ ਹਰਾਉਣ ਦਾ ਇੱਕ ਤਰੀਕਾ ਹੈ।”
ਇਹ ਪੁੱਛਣ ‘ਤੇ ਕੀ ਉਨ੍ਹਾਂ ਇਹ ਸੁਝਾਅ ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਤਾ ਸੀ ਤਾਂ ਜਵਾਬ ਵਿੱਚ ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ, ”ਮੈਨੂੰ ਉਮੀਦ ਹੈ ਕਿ ਉਹ ਇਸ ‘ਤੇ ਵਿਚਾਰ ਕਰਨਗੇ।” -ਪੀਟੀਆਈ
ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਾ ਮੁੱਦਾ ਉਭਾਰਿਆ
ਜੰਮੂ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਅਤੇ ਸ੍ਰੀਨਗਰ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਅਬਦੁੱਲਾ ਨੇ ਕੇਂਦਰੀ ਜਾਂਚ ਏਜੰਸੀ, ਈਡੀ ਅਤੇ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ, ”ਇਹ ਬੀਤੇ ਸਮੇਂ ਵੀ ਕੀਤਾ ਗਿਆ। ਇਹ ਸਿਰਫ਼ ਭਾਜਪਾ ਵਾਲੇ ਹੀ ਅਜਿਹਾ ਨਹੀਂ ਕਰ ਸਕਦੇ। ਉਹ ਬਾਕੀਆਂ ਤੋਂ 100 ਗੁਣਾ ਵੱਧ ਕਰ ਰਹੇ ਹਨ। ਪਰ ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਦੀਆਂ ਸਰਕਾਰਾਂ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਇਨ੍ਹਾਂ ਏਜੰਸੀਆਂ ਦੀ ਵਰਤੋਂ ਨਹੀਂ ਕਰਨਗੀਆਂ।” ਅਬਦੁੱਲਾ ਨੇ ਕਿਹਾ, ”ਵਿਰੋਧੀ ਧਿਰਾਂ ਨੂੰ ਦਬਾਉਣ ਲਈ ਸਾਨੂੰ ਇਨ੍ਹਾਂ ਏਜੰਸੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੇਸ਼ ਵਿੱਚ ਵਿਰੋਧੀ ਧਿਰ ਲਾਜ਼ਮੀ ਹੈ। ਇਸ ਲਈ ਲੋਕਤੰਤਰੀ ਦੇਸ਼ ਵਿੱਚ ਇਨ੍ਹਾਂ ਏਜੰਸੀਆਂ ਦੀ ਇਸ ਤਰ੍ਹਾਂ ਵਰਤੋਂ ਕਰਨਾ ਸਰਾਸਰ ਗਲਤ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ।” ਉਨ੍ਹਾਂ ਇਸ ਗੱਲ ‘ਤੇ ਵੀ ਅਫਸੋਸ ਜਤਾਇਆ ਕਿ ਭਾਰਤ ਵਿਸ਼ਵ ਪ੍ਰੈੱਸ ਫਰੀਡਮ ਇੰਡੈਕਸ ਵਿੱਚ 180 ‘ਚੋਂ 161ਵੇਂ ਸਥਾਨ ‘ਤੇ ਆ ਗਿਆ ਹੈ। ਅਬਦੁੱਲਾ ਨੇ ਕਿਹਾ, ”ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪ੍ਰੈੱਸ ਦੀ ਆਜ਼ਾਦੀ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ… ਇਹ ਲੋਕਤੰਤਰ ਲਈ ਚੰਗਾ ਨਹੀਂ ਹੈ।”