ਨਵੀਂ ਦਿੱਲੀ, 21 ਅਕਤੂਬਰ
ਵਿਰੋਧੀ ਧਿਰ ਦੇ ਆਗੂਆਂ ਨੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿੱਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਗ੍ਰਿਫ਼ਤਾਰ ਕੀਤੇ ਈਸਾਈ ਪਾਦਰੀ ਤੇ ਕਾਰਕੁਨ ਸਟੈਨ ਸਵਾਮੀ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਹੱਕਾਂ ’ਤੇ ਦਿਨ ਦਹਾੜੇ ਮਾਰੇ ਜਾ ਰਹੇ ਡਾਕੇ ਖ਼ਿਲਾਫ਼ ਚੁੱਪੀ ਤੋੜਦਿਆਂ ਆਵਾਜ਼ ਬੁਲੰਦ ਕਰਨ। ਕਾਰਕੁਨਾਂ ਤੇ ਸਿਆਸੀ ਆਗੂਆਂ ਨੇ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਪਾਰਕਿਨਸਨ ਸਮੇਤ ਸਿਹਤ ਨਾਲ ਜੁੜੇ ਹੋਰਨਾਂ ਵਿਗਾੜਾਂ ਦਾ ਸ਼ਿਕਾਰ ਸਵਾਮੀ ਜੇਲ੍ਹ ਨਹੀਂ ਬਲਕਿ ‘ਸਤਿਕਾਰ ਤੇ ਹਮਾਇਤ’ ਦਾ ਹੱਕਦਾਰ ਹੈ। ਪੀਪਲਜ਼ ਫਾਰ ਸਿਵਲ ਲਬਿਰਟੀਜ਼ (ਪੀਯੂਸੀਐੱਲ) ਵੱਲੋਂ ਵਿਉਂਤੀ ਵਰਚੁਅਲ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਸਰਕਾਰ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸੋਰੇਨ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਕਿ ਮੌਜੂਦਾ ਸਰਕਾਰ ਦੀ ਰਹਿਨੁਮਾਈ ਵਿੱਚ ਏਕਤਾ, ਅਖੰਡਤਾ ਤੇ ਜਮਹੂਰੀ ਤਾਣਾ ਬਾਣਾ ਖ਼ਤਰੇ ਵਿੱਚ ਹੈ।
ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਡੀਐੱਮਕੇ ਦੀ ਕਨੀਮੋੜੀ ਨੇ ਸਿਵਲ ਸੁਸਾਇਟੀ ਸਮੂਹਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਲੋਕਾਂ ਦੇ ਹੱਕ ਖੋਹਣ ਲਈ ਕੀਤੇ ਜਾ ਰਹੇ ਹਮਲਿਆਂ ਖਿਲਾਫ਼ ਆਪਣੀ ਖਾਮੋਸ਼ੀ ਨੂੰ ਤੋੜਦਿਆਂ ਆਵਾਜ਼ ਬੁਲੰਦ ਕਰਨ। ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਸਵਾਮੀ ਜੇਲ੍ਹ ਦਾ ਨਹੀਂ ਬਲਕਿ ‘ਸਤਿਕਾਰ ਤੇ ਹਮਾਇਤ’ ਦਾ ਹੱਕਦਾਰ ਹੈ। -ਪੀਟੀਆਈ