ਆਸਨਸੋਲ/ਨਵੀਂ ਦਿੱਲੀ, 28 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਤੇ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਗ੍ਰਿਫ਼ਤਾਰ ਕੀਤੇ ਜਾਣ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਜੋ ਸੱਚ ਸਾਹਮਣੇ ਲਿਆਉਂਦੇ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਜੋ ਭਾਈਚਾਰਿਆਂ ’ਚ ਨਫਰਤ ਫੈਲਾਉਂਦੇ ਹਨ, ਉਹ ਆਜ਼ਾਦੀ ਨਾਲ ਘੁੰਮ ਰਹੇ ਹਨ। ਇਸੇ ਦੌਰਾਨ ਖੱਬੀਆਂ ਪਾਰਟੀਆਂ ਤੇ ਐਡੀਟਰਜ਼ ਗਿਲਡ ਨੇ ਵੀ ਜ਼ੁਬੈਰ ਤੇ ਸੀਤਲਵਾੜ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ।
ਮਮਤਾ ਬੈਨਰਜੀ ਨੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ’ਚ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਗਨੀਪਥ ਯੋਜਨਾ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਇਸ ਭਰਤੀ ਯੋਜਨਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਘੁਟਾਲਾ ਤੇ ਜੁਮਲਾ ਸਿਆਸਤ ਦੀ ਇੱਕ ਹੋਰ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਤੁਸੀਂ ਮੁਹੰਮਦ ਜ਼ੁਬੈਰ ਤੇ ਤੀਸਤਾ ਸੀਤਲਵਾੜ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਹੈ? ਉਨ੍ਹਾਂ ਕੀ ਗਲਤ ਕੀਤਾ ਹੈ? ਕੀ ਸੱਚ ਬੋਲਣਾ ਜਾਂ ਸੱਚ ਸਾਹਮਣੇ ਲਿਆਉਣਾ ਅਪਰਾਧ ਹੈ? ਇਸ ਸਰਕਾਰ ਖ਼ਿਲਾਫ਼ ਜੋ ਵੀ ਬੋਲ ਰਿਹਾ ਹੈ ਉਸ ਨੂੰ ਏਜੰਸੀਆਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।’ ਭਾਜਪਾ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਜੋ ਦੇਸ਼ ਵਿੱਚ ਨਫ਼ਰਤ ਤੇ ਹਿੰਸਾ ਫੈਲਾ ਰਹੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।ਦੂਜੇ ਪਾਸੇ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਟਵੀਟ ਕੀਤਾ, ‘ਨਫਰਤੀ ਬੋਲ ਬੋਲਣ ਵਾਲਿਆਂ ਨੂੰ ਸਰਕਾਰ ਦੀ ਸੁਰੱਖਿਆ ਮਿਲ ਰਹੀ ਹੈ। ਦੇਸ਼ ਨੂੰ ਬਦਨਾਮ ਕਰਨ ਵਾਲੇ ਅਰਾਜਕ ਤੱਤਾਂ ਨੂੰ ਬਚਾਇਆ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘ਵਿਗਿਆਨਕ ਸੋਚ ਦੀ ਰਾਖੀ ਕਰਨ ਲਈ ਕੰਮ ਕਰ ਰਹੇ ਮੁਹੰਮਦ ਜ਼ੁਬੈਰ ਵਰਗੇ ਨੌਜਵਾਨਾਂ ਨੂੰ ਜੇਲ੍ਹਾਂ ’ਚ ਪਾਇਆ ਜਾ ਰਿਹਾ ਹੈ। ਇਹ ਨਿੰਦਣਯੋਗ ਹੈ।’ -ਪੀਟੀਆਈ
ਡਰਪੋਕ ਸਰਕਾਰ ਸੱਚ ਸਾਹਮਣੇ ਲਿਆਉਣ ਵਾਲਿਆਂ ਨੂੰ ਡਰਾ ਰਹੀ ਹੈ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦੇ ਮੁੱਦੇ ’ਤੇ ਹਾਕਮ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਇਸ ਕਦਮ ਨਾਲ ਡਰਪੋਕ ਸਰਕਾਰ ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਜੋ ਸੱਚ ਸਾਹਮਣੇ ਲਿਆਉਂਦੇ ਹਨ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਕਾਨੂੰਨੀ ਪ੍ਰਕਿਰਿਆ ’ਚ ਪਏ ਬਿਨਾਂ ਵੱਡਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਨਫਰਤੀ ਭਾਸ਼ਣ ਦੇਣ ਵਾਲਿਆਂ ਨੂੰ ਸਿਆਸੀ ਪਨਾਹ ਮਿਲੇਗੀ ਤੇ ਉਹ ਆਜ਼ਾਦ ਘੁੰਮਣਗੇ ਜਾਂ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ ਅਤੇ ਜੋ ਲੋਕ ਇਸ ਦਾ ਵਿਰੋਧ ਕਰਨਗੇ ਉਨ੍ਹਾਂ ਨੂੰ ਜੇਲ੍ਹੀਂ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਨਫ਼ਰਤ ਫੈਲਾ ਰਹੇ ਹਨ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਬਣ ਰਹੇ ਹਨ ਜਦਕਿ ਜਿਹੜੇ ਉਨ੍ਹਾਂ ਦੀ ਨਫ਼ਰਤ ਖ਼ਿਲਾਫ਼ ਬੋਲ ਰਹੇ ਹਨ ਉਨ੍ਹਾਂ ਨੂੰ ਜੇਲ੍ਹ ’ਚ ਸੁੱਟਿਆ ਜਾ ਰਿਹਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਜ਼ੁਬੈਰ ਲੋਕਾਂ ਸਾਹਮਣੇ ਸੱਚ ਲਿਆ ਰਿਹਾ ਸੀ ਅਤੇ ਭਾਜਪਾ ਆਗੂਆਂ ਦੀਆਂ ਨਫਰਤੀ ਤਕਰੀਰਾਂ ਬਾਰੇ ਰਿਪੋਰਟਿੰਗ ਕਰ ਰਿਹਾ ਸੀ। ਉਨ੍ਹਾਂ ਕਿਹਾ, ‘ਉਹ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰ ਰਿਹਾ ਸੀ। ਤੁਸੀਂ ਕਿਸੇ ਇੱਕ ਵਿਅਕਤੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋਰ ਪਰ ਇੱਥੇ ਹਜ਼ਾਰਾਂ ਹੋਰ ਲੋਕ ਹਨ ਜੋ ਬੋਲਣਗੇ।’ -ਪੀਟੀਆਈ
‘ਜ਼ਹਿਰੀਲਾ ਈਕੋਸਿਸਟਮ’ ਕਰ ਰਿਹੈ ਸੀਤਲਵਾੜ ਤੇ ਜ਼ੁਬੈਰ ਦੀ ਗ੍ਰਿਫ਼ਤਾਰੀ ਦਾ ਵਿਰੋਧ: ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਪੱਤਰਕਾਰ ਤੇ ਆਲਟ ਨਿਊਜ਼ ਦੇ ਸਹਿ-ਬਾਨੀ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਵਿਰੋਧੀ ਧਿਰਾਂ ਅਤੇ ਖਾਸ ਕਰਕੇ ਕਾਂਗਰਸ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਕਿ ਇਹ ਸਾਰੇ ਉਸੇ ‘ਜ਼ਹਿਰੀਲੇ ਈਕੋਸਿਸਟਮ’ ਦੇ ਹਿੱਸੇ ਵਜੋਂ ਕੰਮ ਕਰ ਰਹੇ ਹਨ ਜਿਸ ਵਿੱਚ ਜੇਕਰ ਇੱਕ ਫੜਿਆ ਜਾਂਦਾ ਹੈ ਤਾਂ ਦੂਜਾ ਅਪਰਾਧੀ ਉਸ ਦਾ ਬਚਾਅ ਕਰਦਾ ਹੈ। ਭਾਟੀਆ ਨੇ ਦਾਅਵਾ ਕੀਤਾ ਕਿ ਸੀਤਲਵਾੜ ਖ਼ਿਲਾਫ਼ ਗੁਜਰਾਤ ਪੁਲੀਸ ਦੀ ਕਾਰਵਾਈ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਤੇ ਹੋਰਾਂ ਦੀ ਸਖਤ ਆਲੋਚਨਾ ਕੀਤੇ ਜਾਣ ਮਗਰੋਂ ਕੀਤੀ ਗਈ ਹੈ। -ਪੀਟੀਆਈ