ਨਵੀਂ ਦਿੱਲੀ, 19 ਸਤੰਬਰ
ਲੋਕ ਸਭਾ ’ਚ ਵਿਰੋਧੀ ਪਾਰਟੀਆਂ ਜਿਵੇਂ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਡੀਐੱਮਕੇ ਨੇ ਅੱਜ ਪੀਐੱਮ ਕੇਅਰਜ਼ ਫੰਡ ਸਥਾਪਤ ਕਰਨ ਦਾ ਵਿਰੋਧ ਕਰਦਿਆਂ ਇਸ ’ਚ ਪਾਰਦਰਸ਼ਤਾ ਦੀ ਘਾਟ ਦੇ ਦੋਸ਼ ਲਾਏ ਹਨ। ਉਕਤ ਪਾਰਟੀਆਂ ਨੇ ਇਹ ਦੋਸ਼ ਕਰੋਨਾ ਲਾਗ ਦੇ ਮੱਦੇਨਜ਼ਰ ਕਰਦਾਤਾਵਾਂ ਨੂੰ ਟੈਕਸ ਭਰਨ ਵੱਖ-ਵੱਖ ਰਾਹਤਾਂ ਅਤੇ ਪੀਐੱਮ ਕੇਅਰਜ਼ ਫੰਡ ਦੇ ਦਾਨਪਾਤਰਾਂ ਨੂੰ ਟੈਕਸ ਲਾਭ ਦੇਣ ਸਬੰਧੀ ਬਿੱਲ ’ਤੇ ਬਹਿਸ ਦੌਰਾਨ ਲਗਾਏ।
ਆਰਐੱਸਪੀ ਦੇ ਐੱਨ.ਕੇ. ਪ੍ਰੇਮਚੰਦਰਨ ਨੇ ਟੈਕਸ ਅਤੇ ਹੋਰ ਕਾਨੂੰਨ (ਰਾਹਤ ਤੇ ਸੋਧ ਪ੍ਰਾਵਧਾਨ) ਬਿੱਲ-2020 ’ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ, ‘ਵੱਖਰਾ ਫੰਡ ਬਣਾਉਣ ਸਬੰਧੀ ਤਰਕ ਮੇਰੀ ਸਮਝ ’ਚ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਅਤੇ ਪੀਐੱਮ ਕੇਅਰਜ਼ ਫੰਡ ਵਿੱਚ ਕੀ ਫਰਕ ਹੈੈ?’ ਉਨ੍ਹਾਂ ਦੋਸ਼ ਲਾਇਆ, ਪੀਐੱਮ ਕੇਅਰਜ਼ ’ਚ ਪਾਰਦਰਸ਼ਤਾ ਦੀ ਘਾਟ ਹੈ ਅਤੇ ਕੈਗ ਵੱਲੋਂ ਇਸਦਾ ਆਡਿਟ ਨਹੀਂ ਕੀਤਾ ਜਾਂਦਾ।’ ਕਾਂਗਰਸ ਦੇ ਮਨੀਕਮ ਟੈਗੋਰ ਨੇ ਵੀ ਪੀਐੱਮ ਕੇਅਰਜ਼ ਫੰਡ ’ਚ ਪਾਰਦਰਸ਼ਤਾ ਦਾ ਮੁੱਦਾ ਉਠਾਇਆ। ਡੀਐੱਮਕੇ ਗੌਤਮ ਨੇ ਪੀਐੱਮ ਕੇਅਰਜ਼ ਫੰਡ ਨੂੰ ‘ਇੱਕ ਪ੍ਰਾਈਵੇਟ ਫੰਡ’ ਕਰਾਰ ਦਿੱਤਾ। ਟੀਐੱਮਸੀ ਦੀ ਮਹੂਆ ਮੋਇਤਰਾ ਨੇ ਬਿੱਲ ਦਾ ਵਿਰੋਧ ਕਰਦਿਆਂ ਪੀਐੱਮ ਕੇਅਰਜ਼ ਫੰਡ ਨੂੰ ਜਨਤਕ ਹਿੱਤਾਂ ਦਾ ਵਿਰੁੱਧ ਦੱਸਿਆ।
ਇਸੇ ਦੌਰਾਨ ਵਿਰੋਧੀ ਪਾਰਟੀਆਂ ਨੇ ਅੱਜ ਰਾਜ ਸਭਾ ’ਚ ਮਹਾਮਾਰੀ ਰੋਗ (ਸੋਧ) ਬਿੱਲ-2020 ’ਤੇ ਬਹਿਸ ਦੌਰਾਨ ਵਿੱਚ ਕੇਂਦਰ ਸਰਕਾਰ ’ਤੇ ਸੰਵਿਧਾਨ ਦੀ ਉਲੰਘਣਾ ਕਰਕੇ ਸੂਬਿਆਂ ਦੇ ਮਾਮਲਿਆਂ ’ਚ ਦਖ਼ਲਅੰਦਾਜ਼ੀ, ਕੋਵਿਡ-19 ਮਹਾਮਾਰੀ ਦੌਰਾਨ ਨਿੱਜੀ ਹਸਪਤਾਲਾਂ ’ਤੇ ਲਗਾਮ ਕੱਸਣ ਤੋਂ ਇਲਾਵਾ ਗਰੀਬਾਂ ਤੇ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਕਰਨ ਚ ਅਸਫਲ ਰਹਿਣ ਦੇ ਦੋਸ਼ ਲਾਏ। ਤ੍ਰਿਣਮੂਲ ਕਾਂਗਰਸ ਦੇ ਡੈਰਕ ਓ’ਬਰਾਇਨ ਨੇ ਦੋਸ਼ ਲਾਇਆ ਕੇਂਦਰ ਸਰਕਾਰ ਬਿੱਲ ਰਾਹੀਂ ਸੂਬਾ ਸਰਕਾਰਾਂ ਦੇ ਕੰਮ ’ਚ ਦਖ਼ਲਅੰਦਾਜ਼ੀ ਕਰ ਰਹੀ ਹੈ। ਟੀਆਰਐੱਸ ਦੇ ਕੇ. ਕੇਸ਼ਵਾ ਰਾਓ ਨੇ ਇਸ ਗੱਲ ਜ਼ੋਰ ਦਿੱਤਾ ਕਿ ਕੇਂਦਰ ਨੂੰ ਸੂਬਿਆਂ ਦੇ ਮਾਮਲਿਆਂ ’ਚ ਦਖ਼ਲ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ। -ਪੀਟੀਆਈ