ਨਵੀਂ ਦਿੱਲੀ, 9 ਫਰਵਰੀ
ਵਿਰੋਧੀ ਧਿਰਾਂ ਨੇ ਅੱਜ ਰਾਜ ਸਭਾ ਵਿੱੱਚ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੇਂਦਰੀ ਬਜਟ ਗ਼ਰੀਬਾਂ ਲਈ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿੱਤ ਮੰਤਰੀ ਨੇ 90 ਮਿੰਟਾਂ ਦੀ (ਬਜਟ) ਤਕਰੀਰ ਵਿੱਚ 90 ਕਰੋੜ ਭਾਰਤੀਆਂ ਨੂੰ ਬਜਟ ’ਚੋ ਬਾਹਰ ਕਰ ਛੱਡਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਹੁਗਿਣਤੀ ਗਰੀਬਾਂ ਨੂੰ ਬਜਟ ’ਚੋਂ ਬਾਹਰ ਰੱਖਿਆ ਹੈ। ਇਹੀ ਨਹੀਂ ਦੇਸ਼ ਦੇ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਖੇਤੀ ਸੈਕਟਰ ਨੂੰ ਵੀ (ਬਜਟ ਵਿੱਚ) ਅਣਗੌਲਿਆਂ ਕੀਤਾ ਗਿਆ ਹੈ ਜਦੋਂਕਿ ਇਸ ਪਾਸੇ ਵੱਧ ਧਿਆਨ ਦੇਣ ਦੀ ਲੋੜ ਹੈ।
ਕੇਂਦਰੀ ਬਜਟ ’ਤੇ ਚਰਚਾ ਦੇ ਦੂਜੇ ਦਿਨ ਸੀਪੀਆਈ ਆਗੂ ਬਿਨੋਏ ਵਿਸ਼ਵਮ ਨੇ ਕਿਹਾ ਕਿ ਬਜਟ ਆਪਣੇ ਅਸਲ ਮੰਤਵ ਵਿੱਚ ਕਥਿਤ ‘ਨਾਕਾਮ’ ਰਿਹਾ ਹੈ ਜਦੋਂਕਿ ਇਸ ਦਾ ਇਕੋ-ਇਕ ਮਕਸਦ ਟਾਟਾ, ਬਿਰਲਾ, ਅੰਬਾਨੀ ਤੇ ਅਡਾਨੀ ਜਿਹੇ ‘ਵੱਡੇ ਕਾਰਪੋਰੇਟ ਘਰਾਣਿਆਂ’ ਨੂੰ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ, ‘‘ਇਹ ਬਜਟ ਗਰੀਬਾਂ ਲਈ ਨਹੀਂ ਬਲਕਿ ਸਿਖਰ ’ਤੇ ਬੈਠੇ ਅਮੀਰਾਂ ਲਈ ਹੈ।’’ ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਮਹਿਲਾਵਾਂ, ਕਿਸਾਨਾਂ ਤੇ ਸਿਹਤ ਸੈਕਟਰ ਦੀ ਬਾਂਹ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਇਨ੍ਹਾਂ ਖੇਤਰਾਂ ਨੂੰ ਮਿਲਦਾ ਪੈਸਾ ਤੇ ਸਬਸਿਡੀ ਬਜਟ ਵਿੱਚ ਘਟਾ ਦਿੱਤੀ ਗਈ ਹੈ।
ਟੀਆਰਐੱਸ ਆਗੂ ਕੇ.ਆਰ.ਸੁਰੇਸ਼ ਰੈੱਡੀ ਨੇ ਖੁਰਾਕ ਸਬਸਿਡੀ ’ਚ ਕੀਤੀ ‘ਕਟੌਤੀ’ ਤੇ ਖੇਤੀ ਖੋਜ ਲਈ ‘ਬਹੁਤ ਘੱਟ’ ਰਾਸ਼ੀ ਰੱਖਣ ਲਈ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ, ‘‘ਬੜੇ ਭਰੇ ਮਨ ਨਾਲ ਮੈਂ ਵਿੱਤ ਮੰਤਰੀ ਨੂੰ ਦੱਸਣਾ ਚਾਹੁੰਦਾ ਹਾਂ ਕਿ 90 ਮਿੰਟ ਦੀ ਬਜਟ ਤਕਰੀਰ ਨੇ 90 ਕਰੋੜ ਭਾਰਤੀਆਂ ਨੂੰ ਬਜਟ ’ਚੋਂ ਬਾਹਰ ਕਰ ਦਿੱਤਾ। ਇਸ ਤਥਾਕਥਿਤ ਅਗਾਂਹਵਧੂ ਬਜਟ ਨੇ ਬਹੁਗਿਣਤੀ ਗਰੀਬ ਲੋਕਾਂ ਨੂੰ ਬੇਗ਼ਾਨਾ ਬਣਾ ਛੱਡਿਆ ਹੈ।’’ ਰੈੱਡੀ ਨੇ ਕਿਹਾ, ‘‘ਸਾਲ 2022 ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸਾਲ ਸੀ…ਤੇ ਤੁਸੀਂ ਖੇਤੀ ਜਿਣਸਾਂ ਦੀ ਖਰੀਦ ਲਈ ਰੱਖੀ ਰਾਸ਼ੀ ਨੂੰ 10,000 ਕਰੋੜ ਰੁਪਏ ਤੱਕ ਘਟਾ ਦਿੱਤੈ।’’ ਉਨ੍ਹਾਂ ਕਿਹਾ, ‘‘ਖੇਤੀ ਉਤਪਾਦ ਖਰੀਦ ਦੀ ਪਾਲਿਸੀ ਅਸਪਸ਼ਟ ਹੈ। ਕਿਸਾਨ ਦਸੰਬਰ ਵਿੱਚ ਫਸਲਾਂ ਬੀਜਦੇ ਹਨ ਤੇ ਤੁਸੀਂ ਤਿੰਨ ਮਹੀਨਿਆਂ ਬਾਅਦ ਮਾਰਚ ਵਿੱਚ ਖਰੀਦ ਨੀਤੀ ਬਾਰੇ ਦੱਸਦੇ ਹੋ। ਫ਼ਸਲਾਂ ਬੀਜਣੀਆਂ ਕੋਈ ਸਵਿਗੀ ਸੇਵਾ ਨਹੀਂ ਹੈ, ਕਿਸਾਨਾਂ ਨੂੰ ਸਮਾਂ ਚਾਹੀਦਾ ਹੈ।’’ ਰੈੱਡੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀ ਸੈਕਟਰ ਦੇ ਵਿਕਾਸ ਨੂੰ ‘ਮੁਨਾਸਬਿ ਉਚਾਈ’ ’ਤੇ ਲਿਜਾਣ ਦੀ ਲੋੜ ਹੈ, ਨਹੀਂ ਤਾਂ ਇਹ ਮ੍ਰਿਗ ਤ੍ਰਿਸ਼ਨਾ ਬਣ ਕੇ ਰਹਿ ਜਾਵੇਗੀ।
ਪ੍ਰਧਾਨ ਮੰਤਰੀ ਵੱਲੋਂ ਮਹਾਮਾਰੀ ਦੌਰਾਨ ਪਰਵਾਸੀਆਂ ਕਾਮਿਆਂ ਦੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾਉਣ ਸਬੰਧੀ ਕਾਂਗਰਸ ਸਰਕਾਰਾਂ ’ਤੇ ਮੜੇ ਦੋਸ਼ਾਂ ਦੇ ਹਵਾਲੇ ਨਾਲ ਵਿਸ਼ਵਮ ਨੇ ਕਿਹਾ, ‘‘ਕੀ ਤਾਲਾਬੰਦੀ ਕਾਂਗਰਸ ਨੇ ਲਾਈ ਸੀ?’’ ਉਨ੍ਹਾਂ ਕਿਹਾ ਕਿ ਸੀਪੀਆਈ, ਕਾਂਗਰਸ ਦੀਆਂ ਅਰਥਚਾਰੇ ਨੂੰ ਲੈ ਕੇ ਤਬਾਹਕੁਨ ਨੀਤੀਆਂ ਕਰਕੇ ਉਸ ਦੀ ਰੱਜ ਕੇ ਨੁਕਤਾਚੀਨੀ ਕਰਦੀ ਹੈ, ਪਰ ਉਹ ਭਾਜਪਾ ਹੈ ਜਿਸ ਨੇ ਦੇਸ਼ ਦਾ ਵੱਧ ਨੁਕਸਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਜੋ ਵਿਚਾਰ ਚਰਚਾ ਦੌਰਾਨ ਸਦਨ ਵਿੱਚ ਮੌਜੂਦ ਸਨ, ਨੇ ਚੁਟਕੀ ਲੈਂਦਿਆਂ ਕਿਹਾ, ‘‘ਵਿਸ਼ਵਮ ਨੇ ਪਹਿਲਾਂ ਪੋਪ ਫਰਾਂਸਿਸ ਦਾ ਹਵਾਲਾ ਦਿੱਤਾ ਤੇ ਫੌਰੀ ਮਗਰੋਂ ਉਹ (ਕਾਰਲ) ਮਾਰਕਸ ਦਾ ਹਵਾਲਾ ਦੇ ਰਹੇ ਹਨ। ਮੈਂਨੂੰ ਯਕੀਨ ਨਹੀਂ ਆ ਰਿਹੈ।’’ ਬੀਜੂ ਜਨਤਾ ਦਲ ਦੇ ਅਮਰ ਪਟਨਾਇਕ ਨੇ ਪੇਂਡੂ ਅਰਥਚਾਰੇ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡੀਐੱਮਕੇ ਆਗੂ ਐੱਮ.ਮੁਹੰਮਦ ਅਬਦੁਲਾ ਨੇ ਕਿਹਾ ਕਿ ਬਜਟ ਵਿੱਚ ਅਸਮਾਨਤਾ ਦੀ ਸਮੱਸਿਆ ਦਾ ਕੋਈ ਜ਼ਿਕਰ ਨਹੀਂ ਹੈ। ਸਪਾ ਆਗੂ ਸੁਖਰਾਮ ਸਿੰਘ ਯਾਦਵ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਵਾਰਿਸਾਂ ਦੀ ਆਰਥਿਕ ਤੌਰ ’ਤੇ ਬਾਂਹ ਫੜੇ ਜਾਣ ਦੀ ਮੰਗ ਕੀਤੀ। ਵਾਈਐੱਸਆਰਸੀਪੀ ਦੇ ਵੀ.ਵਿਜੈਸਾਈ ਰੈੱਡੀ ਨੇੇ ਚਮਕ ਦਮਕ ਵਾਲੇ ਬਜਟ ਵਿੱਚ ਕੋਈ ਤੱਤ ਨਹੀਂ ਹੈ। -ਪੀਟੀਆਈ
ਮੋਦੀ ਸਰਕਾਰ ਦਾ ਟੈਕਸ ਨਿਜ਼ਾਮ ਔਰੰਗਜ਼ੇਬ ਨਾਲੋਂ ਵੀ ਬਦਤਰ
ਨਵੀਂ ਦਿੱਲੀ: ਕਾਂਗਰਸ ਆਗੂ ਕਪਿਲ ਸਿੱਬਲ ਨੇ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਵਧਾਉਣ ਦੇ ਫੈਸਲੇ ਲਈ ਕੇਂਦਰ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਟੈਕਸ ਨਿਜ਼ਾਮ ਮੁਗਲ ਸ਼ਾਸਕ ਔਰੰਗਜ਼ੇਬ ਨਾਲੋਂ ਵੀ ਮਾੜਾ ਹੈ। ਸਿੱਬਲ ਨੇ ਕੇਂਦਰੀ ਬਜਟ ’ਤੇ ਚੱਲ ਰਹੀ ਚਰਚਾ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸਾਲ 2014 ਵਿੱਚ ਪੈਟਰੋਲ ਦੀ ਕੀਮਤ 71 ਰੁਪਏ ਸੀ ਜਦੋਂਕਿ ਜਨਵਰੀ 2022 ਵਿੱਚ ਪੈਟਰੋਲ ਪ੍ਰਤੀ ਲਿਟਰ 95 ਰੁਪਏ ਨੂੰ ਵਿਕ ਰਿਹਾ ਸੀ। ਉਨ੍ਹਾਂ ਕਿਹਾ, ‘‘ਅਸੀਂ 2014 ਵਿੱਚ ਪ੍ਰਤੀ ਲਿਟਰ ’ਤੇ 9.2 ਫੀਸਦ ਕੇਂਦਰੀ ਐਕਸਾਈਜ਼ ਲਾਇਆ ਸੀ ਤੇ ਤੁਸੀਂ ਇਸ ਨੂੰ 27 ਫੀਸਦ ਕਰ ਦਿੱਤਾ। ਇਹ ਵਾਧਾ 203 ਫੀਸਦ ਦੇ ਕਰੀਬ ਹੈ। ਇਸੇ ਤਰ੍ਹਾਂ ਡੀਜ਼ਲ ਦਾ ਭਾਅ 55 ਰੁਪਏ ਤੇ ਐਕਸਾਈਜ਼ 3.46 ਰੁਪਏ ਸੀ। ਅੱਜ ਭਾਅ 86 ਰੁਪਏ ਤੇ ਐਕਸਾਈਜ਼ 21 ਰੁਪਏ ਹੈ। ਵਾਧਾ 530 ਫੀਸਦ ਹੈ।’’ -ਪੀਟੀਆਈ