ਨਵੀਂ ਦਿੱਲੀ, 22 ਦਸੰਬਰ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਾਰ ਵਾਰ ਪਾਏ ਗਏ ਅੜਿੱਕਿਆਂ ਲਈ ਵਿਰੋਧੀ ਧਿਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੰਜ ਜਾਪਦਾ ਹੈ ਕਿ ਉਨ੍ਹਾਂ ਨੂੰ 2019 ਦਾ ਫ਼ਤਵਾ ਹਜ਼ਮ ਨਹੀਂ ਹੋ ਰਿਹਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਲੋਕ ਸਭਾ ’ਚ ਕਰੀਬ 82 ਫ਼ੀਸਦ ਜਦਕਿ ਰਾਜ ਸਭਾ ’ਚ ਕਰੀਬ 48 ਫ਼ੀਸਦ ਹੀ ਕੰਮਕਾਰ ਹੋ ਸਕਿਆ। ਇਜਲਾਸ ਖ਼ਤਮ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਇਹ ਮੰਦਭਾਗੀ ਗੱਲ ਹੈ ਕਿ ਸਾਡੀਆਂ ਕੋਸ਼ਿਸ਼ਾਂ ਅਤੇ ਵਿਰੋਧੀ ਧਿਰਾਂ ਕੋਲ ਪਹੁੰਚ ਕਰਨ ਦੇ ਬਾਵਜੂਦ ਸਦਨ ’ਚ ਹੰਗਾਮਾ ਕੀਤਾ ਗਿਆ। ਇੰਜ ਜਾਪਦਾ ਹੈ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਲੋਕਾਂ ਵੱਲੋਂ 2019 ’ਚ ਦਿੱਤੇ ਗਏ ਫ਼ਤਵੇ ਨੂੰ ਹਜ਼ਮ ਨਹੀਂ ਕਰ ਸਕੀਆਂ ਹਨ।’’ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਛੇ ਬਿੱਲ ਸੰਸਦੀ ਕਮੇਟੀਆਂ ਹਵਾਲੇ ਕੀਤੇ ਹਨ। ਉਨ੍ਹਾਂ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਨਕਾਰਿਆ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਬਿੱਲਾਂ ਖਾਸ ਕਰਕੇ ਚੋਣ ਕਾਨੂੰਨ (ਸੋਧ) ਬਿੱਲ ਦਾ ਅਧਿਐਨ ਕਰਨ ਦਾ ਢੁੱਕਵਾਂ ਸਮਾਂ ਨਹੀਂ ਮਿਲਿਆ ਸੀ। ਜੋਸ਼ੀ ਨੇ ਕਿਹਾ ਕਿ ਇਜਲਾਸ ਦੌਰਾਨ ਲੋਕ ਸਭਾ ’ਚ 12 ਅਤੇ ਰਾਜ ਸਭਾ ’ਚ ਇਕ ਬਿੱਲ ਪੇਸ਼ ਕੀਤੇ ਗਏ ਜਿਨ੍ਹਾਂ ’ਚੋਂ ਸੰਸਦ ਦੇ ਦੋਵੇਂ ਸਦਨਾਂ ਨੇ 11 ਬਿੱਲ ਪਾਸ ਕਰ ਦਿੱਤੇ। -ਪੀਟੀਆਈ