ਬਲੀਆ (ਯੂਪੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵਿਰੋਧੀ ਧਿਰਾਂ ਉੱਤੇ ਚੀਨ ਨਾਲ ਸਰਹੱਦੀ ਵਿਵਾਦ ਦੇ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਏਕਤਾ ਤੇ ਅਖੰਡਤਾ ਦੇ ਮਾਮਲੇ ਵਿੱਚ ਸਿਆਸਤ ਨੂੰ ਪਾਸੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਾਰੀਆਂ ਸਿਆਸੀ ਧਿਰਾਂ ਨੂੰ ਮੱਤਭੇਦ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ। ਉਹ ਇੱਥੇ ਸਿਕੰਦਰਪੁਰ ਖੇਤਰ ਵਿੱਚ ਬਾਂਸ਼ੀ ਬਾਜ਼ਾਰ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਵਿਰੋਧੀ ਪਾਰਟੀਆਂ ਚੀਨ ਨਾਲ ਵਿਵਾਦ ਦੇ ਮਾਮਲੇ ਵਿੱਚ ਦੇਸ਼ ਨੂੰ ਗੁਮਰਾਹ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਮਾਮਲੇ ਵਿੱਚ ਦੇਸ਼ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ, ‘‘ਫ਼ੌਜੀਆਂ ਦੀ ਬਹਾਦਰੀ ’ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ। ਇਸ ਦਾ ਪ੍ਰਭਾਵ ਫ਼ੌਜੀ ਜਵਾਨਾਂ ਦੇ ਮਨੋਬਲ ’ਤੇ ਪੈਂਦਾ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਲ ਨਾਲ ਸੁਰੱਖਿਆ ਦੇ ਮੁੱਦੇ ’ਤੇ ਸਿਆਸਤ ਨੂੰ ਪਾਸੇ ਰੱਖਦਿਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ।’’ ਰਾਹੁਲ ਗਾਂਧੀ ’ਤੇ ਤਨਜ਼ ਕੱਸਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਸੰਸਦ ’ਚ ਰਾਹੁਲ ਵੱਲੋਂ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ‘‘ਤੱਥਾਂ ’ਤੇ ਆਧਾਰਿਤ ਬਿਆਨ ਦਿੱਤੇ ਜਾਣੇ ਚਾਹੀਦੇ ਹਨ।’’ -ਪੀਟੀਆਈ