ਨਵੀਂ ਦਿੱਲੀ, 30 ਜੁਲਾਈ
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਅੱਜ ਲਗਾਤਾਰ ਨੌਵੇਂ ਦਿਨ ਸੰਸਦ ਦੀ ਕਾਰਵਾਈ ਨਾ ਚੱਲ ਸਕੀ ਤੇ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਅੱਤਲ ਕਰਨੀ ਪਈ। ਦੋਵੇਂ ਸਦਨ ਹੁਣ 2 ਅਗਸਤ ਨੂੰ ਕਾਰਵਾਈ ਲਈ ਬੈਠਣਗੇ।
ਦੁਪਹਿਰ ਸਮੇਂ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਰਕਾਰ ਨੇ ਦੋ ਬਿੱਲ ‘ਕੌਮੀ ਰਾਜਧਾਨੀ ਖੇਤੀ ਤੇ ਨਾਲ ਲੱਗਦੇ ਖੇਤਰਾਂ ’ਚ ਹਵਾ ਦਾ ਮਿਆਰ ਪ੍ਰਬੰਧਨ ਲਈ ਕਮਿਸ਼ਨ ਬਿੱਲ-2021’ ਅਤੇ ‘ਸਾਧਾਰਨ ਬੀਮਾ ਕਾਰੋਬਾਰ (ਕੌਮੀਕਰਨ) ਸੋਧ ਬਿੱਲ, 2021’ ਪੇਸ਼ ਕੀਤੇ। ਸਭਾ ਦੇ ਚੇਅਰਮੈਨ ਰਾਜੇਂਦਰ ਅਗਰਵਾਲ ਨੇ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਜਾ ਕੇ ਬੈਠਣ ਅਤੇ ਕੋਵਿਡ-19 ਕਾਰਨ ਬਣੇ ਹਾਲਾਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਵਿਰੋਧੀ ਧਿਰ ਨੇ ਜਦੋਂ ਹੰਗਾਮਾ ਕਰਨਾ ਜਾਰੀ ਰੱਖਿਆ ਤਾਂ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਲੋਕ ਸਭਾ ਹੁਣ 2 ਅਗਸਤ ਨੂੰ ਲੱਗੇਗੀ। ਇਸ ਤੋਂ ਪਹਿਲਾਂ ਦਿਨੇਂ ਲੋਕ ਸਭਾ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ ਕੀਤੀ ਗਈ ਸੀ। ਪ੍ਰਸ਼ਨ ਕਾਲ ਦੌਰਾਨ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੈਗਾਸਸ ਜਾਸੂਸੀ ਮਾਮਲੇ ਤੇ ਹੋਰ ਮੁੱਦਿਆਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।
ਉੱਧਰ ਰਾਜ ਸਭਾ ’ਚ ਵੀ ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਮਾਮਲਾ, ਖੇਤੀ ਕਾਨੂੰਨ ਤੇ ਮਹਿੰਗਾਈ ਦੇ ਮੁੱਦੇ ’ਤੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਹੁਣ ਸੋਮਵਾਰ ਨੂੰ ਲੱਗੇਗੀ। ਦੁਪਹਿਰ ਦੇ ਖਾਣੇ ਮਗਰੋਂ ਜਦੋਂ 2.30 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਉਪ ਸਭਾਪਤੀ ਹਰਿਵੰਸ਼ ਨਾਰਾਇਣ ਸਿੰਘ ਨੇ ਸੰਸਦ ਮੈਂਬਰਾਂ ਨੂੰ ਨਿੱਜੀ ਮਸਲੇ ਪੇਸ਼ ਕਰਨ ਨੂੰ ਕਿਹਾ। ਸਰਕਾਰ ਨੇ ਇਸੇ ਦੌਰਾਨ ਦੋ ਬਿੱਲ ਪੇਸ਼ ਕੀਤੇ ਜਿਨ੍ਹਾਂ ’ਚੋਂ ਸੰਖੇਪ ਚਰਚਾ ਮਗਰੋਂ ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪੇਸ਼ ਕੀਤਾ।
ਇਸੇ ਵਿਚਾਲੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੱਖ ਵੱਖ ਮੁੱਦਿਆਂ ’ਤੇ ਹੰਗਾਮਾ ਕਰਦਿਆਂ ਸਦਨ ਦੇ ਚੇਅਰਮੈਨ ਦੀ ਸੀਟ ਕੋਲ ਜਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਚੇਅਰਮੈਨ ਨੇ ਸਾਰੇ ਮੈਂਬਰਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਜਾ ਕੇ ਬੈਠਣ ਲਈ ਕਿਹਾ। ਉਹ ਜਦੋਂ ਨਹੀਂ ਮੰਨੇ ਤਾਂ ਉਨ੍ਹਾਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ, ਦੁਪਹਿਰ ਅਤੇ ਫਿਰ ਬਾਅਦ ਦੁਪਹਿਰ 2.30 ਵਜੇ ਮੁਲਤਵੀ ਕੀਤੀ ਗਈ ਸੀ। -ਪੀਟੀਆਈ