ਪਟਨਾ, 13 ਅਕਤੂਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਖੋਖ਼ਲਾ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਲੀਡਰਸ਼ਿਪ ਕੋਲ ‘ਕੋਈ ਤਜਰਬਾ ਨਹੀਂ ਹੈ।’ ਵਿਰੋਧੀ ਧਿਰ ਬਿਹਾਰ ਵਿਚ ਸੱਤਾ ’ਚ ਪਰਤਣ ’ਤੇ ਸਿਹਤ ਅਤੇ ਹੋਰ ਖੇਤਰਾਂ ਵਿਚ ਸੁਧਾਰ ਲਿਆਉਣ ਦਾ ਵਾਅਵਾ ਕਰ ਰਹੀ ਹੈ। ਨਿਤੀਸ਼ ਨੇ ਕਿਹਾ ਕਿ ਉਹ 15 ਸਾਲ ਪਹਿਲਾਂ ਦਾ ਆਪਣਾ ਰਿਕਾਰਡ ਘੋਖਣ ਜਦ ਉਹ (ਵਿਰੋਧੀ) ਸੱਤਾ ਵਿਚ ਸਨ। ਇਕ ਵਰਚੁਅਲ ਚੋਣ ਰੈਲੀ ਵਿਚ ਨਿਤੀਸ਼ ਨੇ ਕਿਹਾ ਕਿ ਜਦ ਉਹ 2005 ਵਿਚ ਸੱਤਾ ’ਤੇ ਕਾਬਜ਼ ਹੋਏ ਸਨ ਤਾਂ ਇਕ ਸਰਵੇਖਣ ਕਰਵਾਇਆ ਗਿਆ ਸੀ। ਇਸ ਵਿਚ ਸਾਹਮਣੇ ਆਇਆ ਸੀ ਕਿ ਇਕ ਮੁੱਢਲੇ ਸਿਹਤ ਕੇਂਦਰ ਵਿਚ ਮਹੀਨੇ ’ਚ ਕੇਵਲ 39 ਜਣੇ ਜਾਂਦੇ ਹਨ। ਜਦਕਿ ਹੁਣ ਗਿਣਤੀ 10 ਹਜ਼ਾਰ ਤੋਂ ਉੱਪਰ ਚਲੀ ਗਈ ਹੈ। ਇਹ ਦਰਸਾਉਂਦਾ ਹੈ ਕਿ ਸੂਬੇ ਦੇ ਸਿਹਤ ਢਾਂਚੇ ਵਿਚ ਕਿੰਨਾ ਸੁਧਾਰ ਆਇਆ ਹੈ। ਜ਼ਿਕਰਯੋਗ ਹੈ ਕਿ ਆਰਜੇਡੀ ਦੇ ਤੇਜਸਵੀ ਯਾਦਵ ਨੂੰ ਨਿਤੀਸ਼ (ਐਨਡੀਏ) ਵਿਰੋਧੀ ਮਹਾਗੱਠਜੋੜ ਵੱਲੋਂ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਦੌਰਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ (ਆਰਜੇਡੀ) ਨੇ ਸਮਸਤੀਪੁਰ ਜ਼ਿਲ੍ਹੇ ਦੀ ਹਸਨਪੁਰ ਸੀਟ ਤੋਂ ਵਿਧਾਨ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਕਾਗਜ਼ ਦਾਖ਼ਲ ਕਰਨ ਵੇਲੇ ਭਰਾ ਤੇਜਸਵੀ ਯਾਦਵ ਵੀ ਤੇਜ ਦੇ ਨਾਲ ਸਨ। ਬਿਹਾਰ ’ਚ ਐਨਡੀਏ ਵਿਚ ਸ਼ਾਮਲ ਜੇਡੀ (ਯੂ) ਨੇ ਅੱਜ ਪਾਰਟੀ ਵਿਰੋਧੀ ਗਤੀਵਿਧੀਆਂ ਲਈ 15 ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਇਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖਾਰਜ ਕਰ ਦਿੱਤੀ ਤੇ ਛੇ ਸਾਲਾਂ ਲਈ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਭਾਜਪਾ ਨੇ ਕਈ ਆਗੂਆਂ ਨੂੰ ਬਰਖ਼ਾਸਤ ਕੀਤਾ ਸੀ। -ਪੀਟੀਆਈ