ਲਖਨਊ, 17 ਅਕਤੂਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਮਾਜ ਦੇ ਸਰਬਪੱਖੀ ਵਿਕਾਸ ਨੂੰ ਨਜ਼ਰਅੰਦਾਜ਼ ਕਰਨ ਅਤੇ ਆਪਣੇ ਹਿੱਤਾਂ ਲਈ ਕੰਮ ਕਰਨ ’ਤੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ‘ਸਭ ਦੀ ਭਲਾਈ’ ਦੇ ਟੀਚੇ ਨਾਲ ਕੰਮ ਕੀਤਾ ਹੈ।
ਭਾਜਪਾ ਦੀ ਸੂਬਾ ਇਕਾਈ ਵੱਲੋਂ ਲਖਨਊ ਵਿੱਚ ਕਰਵਾਈ ਪੱਛੜੀ ਜਾਤੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘2014 ਤੋਂ ਪਹਿਲਾਂ ਤੋਂ ਰਾਜ ਕਰਨ ਵਾਲਿਆਂ ਦਾ ਨਾਅਰਾ ‘ਸਭ ਕਾ ਸਾਥ, ਪਰ ਉਨ੍ਹਾਂ ਦੇ ਆਪਣੇ ਪਰਿਵਾਰ ਦਾ ਵਿਕਾਸ ਸੀ।’ ਉਨ੍ਹਾਂ ਨੇ ਸਮਾਜ ਅਤੇ ਦੇਸ਼ ਦੇ ਵਿਕਾਸ ਦੇ ਕੋਈ ਪ੍ਰਵਾਹ ਨਹੀਂ ਕੀਤੀ। ਅਸੀਂ ‘ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ’ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕੀਤਾ। ਜੇਕਰ ਸਮਾਜ ਦਾ ਇੱਕ ਵੀ ਵਿਅਕਤੀ ਵਾਂਝਾ ਰਹਿ ਗਿਆ ਤਾਂ ਇਹ ਖੁਸ਼ਹਾਲ ਨਹੀਂ ਹੋ ਸਕਦਾ। ਸਮਾਜ ਦੇ ਵਿਕਾਸ ਦੇ ਬੁਨਿਆਦ ਉਦੋਂ ਬਣਦੀ ਹੈ ਜਦੋਂ ਸਾਰੇ ਵਰਗਾਂ ਦਾ ਵਿਕਾਸ ਹੁੰਦਾ ਹੈ।’ ਮੁੱਖੀ ਮੰਤਰੀ ਯੋਗੀ ਨੇ ਪੱਛੜੀਆਂ ਜਾਤੀਆਂ ਦੀ ਭਲਾਈ ਸਬੰਧੀ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਇਨ੍ਹਾਂ ਵਰਗਾਂ ਨੂੰ ਪਾਰਟੀ ਵਿੱਚ ਦਿੱਤੇ ਅਹੁਦਿਆਂ ਬਾਰੇ ਵੀ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘ਭਾਜਪਾ ਰਾਸ਼ਟਰਵਾਦੀ ਵਿਚਾਰਧਾਰਾ ਵਿੱਚ ਯਕੀਨ ਰੱਖਦੀ ਹੈ। ਇਸ ਦਾ ਮੁੱਢਲਾ ਵਿਚਾਰ ‘ਸਭ ਲਈ ਸੁੱਖ ਦਾ ਦੁਆ ਅਤੇ ਸਭ ਦੀ ਸਿਹਤਯਾਬੀ’ ਹੈ। ਇਹ ਖੁਸ਼ੀ ਦੀ ਗੱਲ ਹੈ ਸਰਕਾਰ ਦੀਆਂ ਯੋਜਨਾਵਾਂ ਸਮਾਜ ਦੀ ਆਤਮ-ਨਿਰਭਰਤਾ ਦਾ ਆਧਾਰ ਬਣਦੀਆਂ ਜਾ ਰਹੀਆਂ ਹਨ।’ ਸੂਬੇ ਦੇ ਵਿਕਾਸ ਵਿੱਚ ਰੁਕਾਵਟਾਂ ਲਈ ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਫਿਰਕੂ ਦੰਗਿਆਂ ਦੀ ਅੱਗ ’ਚ ਧੱਕ ਦਿੱਤਾ ਗਿਆ ਸੀ। ਇਸੇ ਕਾਰਨ ਸੂਬਾ ਵਿਕਾਸ ’ਚ ਪੱਛੜਦਾ ਗਿਆ। ਸਥਿਤੀ ਬਦਹਾਲ ਹੁੰਦੀ ਗਈ ਅਤੇ ਬੇਰੁਜ਼ਗਾਰੀ ਵਧ ਗਈ। -ਆਈਏਐੱਨਐੱਸ