ਹਾਪੁੜ, 5 ਜੂਨ
ਇੱਥੋਂ ਦੀ ਇੱਕ ਫੈਕਟਰੀ ਵਿੱਚ ਬੀਤੇ ਦਿਨ ਹੋਏ ਧਮਾਕੇ ਸਬੰਧੀ ਪੁਲੀਸ ਨੇ ਅੱਜ ਫੈਕਟਰੀ ਮਾਲਕ ਅਤੇ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਧਮਾਕੇ ਵਿੱਚ 13 ਜਣਿਆਂ ਦੀ ਮੌਤ ਹੋਈ ਸੀ ਅਤੇ 20 ਵਿਅਕਤੀ ਜ਼ਖ਼ਮੀ ਹੋ ਗਏ ਸਨ।
ਐੱਸਪੀ ਦੀਪਕ ਭੁੱਕਰ ਨੇ ਦੱਸਿਆ ਕਿ ਕਾਰਖਾਨੇ ਦੇ ਸੰਚਾਲਕ ਵਸੀਮ ਨੂੰ ਅੱਜ ਦੁਪਹਿਰ ਹਾਪੁੜ-ਮੇਰਠ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਮਗਰੋਂ ਵਸੀਮ ਫੈਕਟਰੀ ’ਚੋ ਭੱਜ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਫੈਕਟਰੀ ਮਾਲਕ ਦਿਲਸ਼ਾਦ ਅਤੇ ਸੰਚਾਲਕ ਵਸੀਮ ਖ਼ਿਲਾਫ਼ ਆਈਪੀਸੀ ਦੀ ਧਾਰਾ 286, 287, 304,308,337 ਅਤੇ 338 ਤਹਿਤ ਕੇਸ ਦਰਜ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਜ਼ਖ਼ਮੀ ਹਨ। ਇਨ੍ਹਾਂ 13 ’ਚੋਂ 11 ਦੀ ਪਛਾਣ ਹੋ ਗਈ ਹੈ। ਜ਼ਖਮੀਆਂ ਦਾ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾਂ ਵਿੱਚ ਅੱਠ ਜਣੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਭੰਡੇਰੀ ਪਿੰਡ ਦੇ ਨੌਜਵਾਨ ਸਨ, ਜੋ ਫੈਕਟਰੀ ਵਿੱਚ ਕੰਮ ਕਰਦੇ ਸਨ। ਜ਼ਿਲ੍ਹਾ ਮੈਜਿਸਟਰੇਟ ਮੇਧਾ ਰੂਪਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਘਟਨਾ ਦੀ ਸਚਾਈ ਸਾਰਿਆਂ ਦੇ ਸਾਹਮਣੇ ਹੋਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰੂਪਮ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਫੈਕਟਰੀ ਕੋਲ ਸਿਰਫ ਇਲੈਕਟ੍ਰੋਨਿਕ ਵਸਤਾਂ ਬਣਾਉਣ ਦਾ ਲਾਇਸੈਂਸ ਸੀ। ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਵਿਸਫੋਟਕ ਸਮੱਗਰੀ ਕਿਸ ਤਰ੍ਹਾਂ ਪਹੁੰਚੀ। ਪੁਲੀਸ ਨੂੰ ਸ਼ੱਕ ਹੈ ਕਿ ਇੱਥੇ ਪਟਾਕੇ ਬਣਾਏ ਜਾ ਰਹੇ ਸਨ। -ਪੀਟੀਆਈ