ਬਦਰੀਨਾਥ, 8 ਮਈ
ਬਦਰੀਨਾਥ ਦੇ ਕਿਵਾੜ ਵੈਦਿਕ ਭਜਨਾਂ ਅਤੇ ਰਵਾਇਤੀ ਰੀਤੀ-ਰਿਵਾਜਾਂ ਦੌਰਾਨ ਅੱਜ ਸਵੇਰੇ 6.15 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਦੇਸ਼ ਅਤੇ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹਿਮਾਲਿਆ ਮੰਦਰ ਦੇ ਰਸਮੀ ਉਦਘਾਟਨ ਨੂੰ ਦੇਖਣ ਲਈ ਪੁੱਜੇ ਹੋਏ ਸਨ। ਮੰਦਰ ਦੇ ਮੁੱਖ ਪੁਜਾਰੀ ਈਸ਼ਵਰੀ ਪ੍ਰਸਾਦ ਨਬੂੰਦਰੀ ਨੇ ਰਸਮਾਂ ਨਿਭਾਈਆਂ ਅਤੇ ‘ਵੇਦਪਾਠੀਆਂ’ ਨੇ ਭਜਨ ਉਚਾਰਨ ਕੀਤੇ। ਇਸ ਮੌਕੇ ਮੰਦਰ ਅਤੇ ਇਸ ਦੇ ਆਲੇ-ਦੁਆਲੇ ਨੂੰ ਗੇਂਦੇ ਦੇ ਫੁੱਲਾਂ ਨਾਲ ਸਜ਼ਾਇਆ ਹੋਇਆ ਸੀ। ਬਦਰੀਨਾਥ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਚਾਰ ਧਾਮ ਯਾਤਰਾ ਹੁਣ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਹੈ ਕਿਉਂਕਿ ਸਾਰੇ ਚਾਰ ਮੰਦਰ ਹੁਣ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਗੰਗੋਤਰੀ ਅਤੇ ਯਮੁਨੋਤਰੀ ਨੂੰ ਤਿੰਨ ਮਈ ਅਤੇ ਕੇਦਾਰਨਾਥ ਨੂੰ ਛੇ ਮਈ ਨੂੰ ਖੋਲ੍ਹ ਦਿੱਤਾ ਗਿਆ ਸੀ। ਕਰੋਨਾ ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਚਾਰ ਧਾਮ ਯਾਤਰਾ ਕਾਫ਼ੀ ਜ਼ਿਆਦਾ ਪ੍ਰਭਾਵਿਤ ਰਹੀ ਹੈ। ਕਰੋਨਾ ਪਾਬੰਦੀਆਂ ਦੇ ਮੱਦੇਨਜ਼ਰ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਕਾਫ਼ੀ ਘਟ ਗਈ ਸੀ। ਇਹ ਯਾਤਰਾ ਦੋ ਸਾਲਾਂ ਦੀ ਦੇਰੀ ਮਗਰੋਂ ਅਤੇ ਕਰੋਨਾ ਪਾਬੰਦੀਆਂ ਤੋਂ ਬਿਨਾਂ ਹੋ ਰਹੀ ਹੈ ਅਤੇ ਸ਼ਰਧਾਲੂਆ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। -ਪੀਟੀਆਈ