ਨਵੀਂ ਦਿੱਲੀ, 19 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ ਨੂੰ ਖੁੱਲ੍ਹਾ ਪੱਤਰ ਲਿਖਦਿਆਂ ਉਨ੍ਹਾਂ ਨੂੰ ਇਸ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਤੇ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਭਵਿੱਖ ’ਚ ਵੀ ਕਿਸਾਨਂ ਸੰਘਰਸ਼ ਨੂੰ ਹਮਾਇਤ ਕਰਦੀ ਰਹੇਗੀ। ਅਜੇ ਸੰਘਰਸ਼ ਜਾਰੀ ਰਹਿਣ ਦੀ ਗੱਲ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਦੁਬਾਰਾ ਪੂੰਜੀਪਤੀਆਂ ਦੇ ਹੱਥਾਂ ’ਚ ਖੇਡ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਜ਼ਮੀਨਾਂ ’ਚ ਗੁਲਾਮ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਕੀਤਾ ਆਪਣਾ ਵਾਅਦਾ ਪੂਰਾ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਆਪਣਾ ਬੁਰਾ-ਭਲਾ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਭਵਿੱਖੀ ਯੋਜਨਾ ਦਾ ਰੋਡਮੈਪ ਜਾਰੀ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾ ਸੇਵਾ ਕਰਨ ਦਾ ਜ਼ਰੀਆ ਹੈ ਅਤੇ ਜਮਹੂਰੀਅਤ ’ਚ ਹੰਕਾਰ ਤੇ ਜ਼ਿੱਦ ਲਈ ਕੋਈ ਥਾਂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸੱਤਿਆਗ੍ਰਹਿ ਕਰਦਿਆਂ ਆਜ਼ਾਦ ਭਾਰਤ ’ਚ ਤਕਰੀਬਨ ਪੂਰਾ ਸਾਲ ਠੰਢ, ਗਰਮੀ, ਬਰਸਾਤ ਦੇ ਹਰ ਤਰ੍ਹਾਂ ਦੀ ਮੁਸੀਬਤ ਹੰਢਾਈ ਹੈ। ਉਨ੍ਹਾਂ ਕਿਹਾ, ‘ਮੈਂ 700 ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਦੀ ਸ਼ਹਾਦਤ ਅੱਗੇ ਸਿਰ ਝੁਕਾਉਂਦਾ ਹਾਂ।’ -ਪੀਟੀਆਈ
ਅੱਜ ਦੇਸ਼ ਭਰ ’ਚ ‘ਕਿਸਾਨ ਵਿਜੈ ਦਿਵਸ’ ਮਨਾਏਗੀ ਕਾਂਗਰਸ
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੇ ਫ਼ੈਸਲੇ ਦੇ ਮੱਦੇਨਜ਼ਰ ਅੱਜ ਕਾਂਗਰਸ ਪੂਰੇ ਮੁਲਕ ਅੰਦਰ ‘ਕਿਸਾਨ ਵਿਜੈ ਦਿਵਸ’ ਮਨਾਏਗੀ ਅਤੇ ਥਾਂ-ਥਾਂ ਸਭਾਵਾਂ ਕਰੇਗੀ। ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸਾਰੇ ਰਾਜਾਂ ਦੀਆਂ ਇਕਾਈਆਂ ਨੂੰ ਕਿਹਾ ਹੈ 20 ਨਵੰਬਰ ਨੂੰ ਰਾਜ, ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ‘ਕਿਸਾਨ ਵਿਜੈ ਦਿਵਸ’ ਮਨਾਉਂਦੇ ਹੋਏ ਰੈਲੀਆਂ ਕੀਤੀਆਂ ਜਾਣ ਤੇ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਸਨਮਾਨ ’ਚ ਮੋਮਬੱਤੀ ਮਾਰਚ ਕੀਤੇ ਜਾਣ। -ਪੀਟੀਆਈ