ਥਾਣੇ, 23 ਅਕਤੂਬਰ
ਐੱਨਸੀਪੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਅਤੇ ਸੂਬਾ ਸਰਕਾਰ ’ਚ ਮੰਤਰੀ ਜੈਯੰਤ ਪਾਟਿਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸਾਥੀ ਨਵਾਬ ਮਲਿਕ ਕੋਲ ਐੱਨਸੀਬੀ ਦੇ ਮੁੰਬਈ ਜ਼ੋਨ ਦੇ ਡਾਇਰੈਕਟਰ ਸਮੀਰ ਵਾਨਖੇੜੇ ਖ਼ਿਲਾਫ਼ ਜ਼ਰੂਰ ਕੁਝ ਪੱਕੇ ਸਬੂਤ ਹੋਣਗੇ ਜਿਨ੍ਹਾਂ ਤੋਂ ਬਿਨਾਂ ਉਹ ਅਧਿਕਾਰੀ ਖ਼ਿਲਾਫ਼ ਬਿਆਨ ਨਾ ਦਿੰਦੇ। ਪਿਛਲੇ ਕੁਝ ਹਫ਼ਤਿਆਂ ਤੋਂ ਮਲਿਕ ਵੱਲੋਂ ਵਾਨਖੇੜੇ ਦੀ ਆਲੋਚਨਾ ਕੀਤੀ ਜਾ ਰਹੀ ਹੈ ਜਿਸ ਨੇ ਕਰੂਜ਼ ’ਤੇ ਇਸ ਮਹੀਨੇ ਦੇ ਸ਼ੁਰੂ ’ਚ ਛਾਪਾ ਮਾਰ ਕੇ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਸਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਪਾਲਘਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਯੰਤ ਪਾਟਿਲ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਕੇਂਦਰ ’ਚ ਉਸ ਦੀ ਅਗਵਾਈ ਹੇਠਲੀ ਸਰਕਾਰ ਮਹਾਰਾਸ਼ਟਰ ’ਚ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਨੂੰ ਡੇਗਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ। ‘ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਸੂਬਾ ਸਰਕਾਰ ਨਹੀਂ ਡਿੱਗੇਗੀ ਤਾਂ ਉਹ ਆਗੂਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ’ਚ ਜੁੱਟ ਗਏ ਹਨ। -ਪੀਟੀਆਈ