ਨਵੀਂ ਦਿੱਲੀ: ਕਾਂਗਰਸ ਨੇ ਸਿੰਘੂ ਬਾਰਡਰ ’ਤੇ ਫਰੀਲਾਂਸ ਪੱਤਰਕਾਰ ਮਨਦੀਪ ਪੂਨੀਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੇ ਸੱਚਾਈ ਤੋਂ ਡਰਦੇ ਹਨ, ਉਹ ਹੀ ਇਮਾਨਦਾਰ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਦੇ ਹਨ। ਉਨ੍ਹਾਂ ਆਪਣੇ ਟਵੀਟ ’ਚ ਪੂਨੀਆ ਨੂੰ ਪੁਲੀਸ ਵੱਲੋਂ ਫੜੇ ਜਾਣ ਦਾ ਵੀਡੀਓ ਵੀ ਨੱਥੀ ਕੀਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਨਹੀਂ ਜਾਣਦੀ ਕਿ ‘ਜਿਨ੍ਹਾਂ ਤੁਸੀਂ ਦਮਨ ਕਰੋਗੇ, ਤੁਹਾਡੀਆਂ ਵਧੀਕੀਆਂ ਖ਼ਿਲਾਫ਼ ਓਨੀਆਂ ਹੀ ਹੋਰ ਜ਼ਿਆਦਾ ਆਵਾਜ਼ਾਂ ਬੁਲੰਦ ਹੋਣਗੀਆਂ।’ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੱਤਰਕਾਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਕੇ ਤੇ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਸਰਕਾਰ ਕਿਸਾਨਾਂ ਦੇ ਅੰਦੋਲਨ ਅਤੇ ਮੁਲਕ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਹੈ। ਇਕ ਹੋਰ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜਿਹੜੇ ਵਿਅਕਤੀ ਆਪਣਾ ਦਰਦ ਦੱਸਣਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਮਗਰ ਪੈ ਜਾਂਦੀ ਹੈ। ਉਨ੍ਹਾਂ ਸੰਸਦ ਮੈਂਬਰ ਸ਼ਸ਼ੀ ਥਰੂਰ, ਮ੍ਰਿਣਾਲ ਪਾਂਡੇ, ਰਾਜਦੀਪ ਸਰਦੇਸਾਈ, ਵਿਨੋਦ ਜੋਸ, ਜ਼ਫ਼ਰ ਆਗਾ, ਪਰੇਸ਼ ਨਾਥ ਅਤੇ ਅਨੰਤ ਨਾਥ ਖ਼ਿਲਾਫ਼ ਦੇਸ਼ਧ੍ਰੋਹ ਵਰਗੇ ਕੇਸ ਦਰਜ ਕਰਨ ਦੀ ਵੀ ਨਿਖੇਧੀ ਕੀਤੀ ਹੈ। -ਪੀਟੀਆਈ