ਮੁੰਬਈ: ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਨੂੰ ਰੋਜ਼ਾਨਾ 26000 ਰੈਮਡੇਸਿਵਿਰ ਟੀਕੇ ਅਲਾਟ ਕੀਤੇ ਹਨ ਜਦੋਂਕਿ ਕਰੋਨਾ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਰੋਜ਼ਾਨਾ ਐਂਟੀ ਕੋਵਿਡ-19 ਡਰੱਗ ਦੀਆਂ 50,000 ਵਾਇਲਾਂ ਦੀ ਲੋੜ ਸੀ। ਟੋਪੇ ਨੇ ਕਿਹਾ, ‘ਸੂਬਾ ਸਰਕਾਰ ਨੂੰ ਰੋਜ਼ਾਨਾ 50,000 ਰੈਮਡੇਸਿਵਿਰ ਟੀਕਿਆਂ ਦੀ ਲੋੜ ਹੈ, ਪਰ ਕੇਂਦਰ ਸਰਕਾਰ ਨੇ 26000 ਟੀਕੇ ਪ੍ਰਤੀ ਦਿਨ ਦੇ ਅਲਾਟ ਕੀਤੇ ਹਨ। ਇਹ ਅਗਲੇ ਦਸ ਦਿਨਾਂ ਲਈ ਹਨ। ਇਹ ਕਾਫੀ ਗੰਭੀਰ ਮਾਮਲਾ ਹੈ ਕਿਉਂਕਿ ਇਨ੍ਹਾਂ ਟੀਕਿਆਂ ਦੀ ਸਮੇਂ ਸਿਰ ਵਰਤੋਂ ਨਾਲ ਵੱਖ ਵੱਖ ਰੋਗਾਂ ਤੋਂ ਜੂਝ ਰਹੇ ਕਰੋਨਾ ਗ੍ਰਸਤ ਗੰਭੀਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।’ ਟੋਪੇ ਨੇ ਕਿਹਾ ਕਿ ਉਹ ਟੀਕਿਆਂ ਦੀ ਅਲਾਟਮੈਂਟ ਵਧਾਉਣ ਲਈ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖਣਗੇ। -ਪੀਟੀਆਈ