ਸਿਤਾਬ ਦਿਯਾਰਾ(ਬਿਹਾਰ), 11 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਦੀ ਮਹਾਗੱਠਬੰਧਨ ਸਰਕਾਰ ’ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਜੋ ਖ਼ੁਦ ਨੂੰ ਜੈਪ੍ਰਕਾਸ਼ ਨਰਾਇਣ ਦੇ ਮੁਰੀਦ ਦੱਸਦੇ ਹਨ, ਉਹ ਅੱਜ ਉਨ੍ਹਾਂ ਦੀ ਸਮਾਜਿਕ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਸੱਤਾ ਲਈ ਕਾਂਗਰਸ ਦੀ ‘ਗੋਦੀ’ ਵਿੱਚ ਜਾ ਬੈਠੇ ਹਨ। ਸ਼ਾਹ ਐਮਰਜੈਂਸੀ ਵਿਰੋਧੀ ਅੰਦੋਲਨ ਦੇ ਨਾਇਕ ਜੈਪ੍ਰਕਾਸ਼ ਨਰਾਇਣ, ਜੋ ਜੇਪੀ ਵਜੋਂ ਵੀ ਮਕਬੂਲ ਸਨ, ਦੀ ਸਾਰਨ ਜ਼ਿਲ੍ਹੇ ਵਿਚਲੀ ਜਨਮ ਭੋਇੰ ’ਚ ਉਨ੍ਹਾਂ ਦੇ 15 ਫੁੱਟ ਉੱਚੇ ਬੁੱਤ ਤੋਂ ਪਰਦਾ ਹਟਾਉਣ ਮਗਰੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਜੇਪੀ ਸੱਤਾ ਲਈ ਨਹੀਂ ਵਿਚਾਰਧਾਰਾ ਲਈ ਲੜੇ। ਪਰ ਜਿਹੜੇ ਲੋਕ ਉਨ੍ਹਾਂ ਦੇ ਨਾਂ ’ਤੇ ਸਿਆਸਤ ਕਰਦੇ ਹਨ, ਉਨ੍ਹਾਂ ਸੱਤਾ ਲਈ ਪੰਜ ਵਾਰ ਪਾਲੇ ਬਦਲ ਲਏ ਅਤੇ ਉਸੇ ਕਾਂਗਰਸ ਦੀ ਗੋਦੀ ਵਿੱਚ ਜਾ ਬੈਠੇ, ਜਿਸ ਦੇ ਖਿਲਾਫ਼ ਉਹ ਉਮਰ ਭਰ ਲੜਦੇ ਰਹੇ। ਉਹ ਸੱਤਾ ਦਾ ਭੁੱਖਾ ਹੈ ਤੇ ਸੱਤਾ ਲਈ, ਉਸ ਨੇ ਜੇਪੀ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਕਾਂਗਰਸ ਨਾਲ ਹੱਥ ਮਿਲਾ ਲਏ।’’ ਸ਼ਾਹ ਨੇ ਕੁਮਾਰ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਉਸ ਦਾ ਜੇਪੀ ਦੀ ਵਿਚਾਰਧਾਰਾ ਨਾਲ ਕੋਈ ਲਾਗਾ ਦੇਗਾ ਨਹੀਂ ਹੈ।’’ ਚੇਤੇ ਰਹੇ ਕਿ ਨਿਤੀਸ਼ ਕੁਮਾਰ ਨੇ ਭਾਜਪਾ ਦਾ ਸਾਥ ਛੱਡ ਕੇ ਸੱਤ ਪਾਰਟੀਆਂ ਦੀ ਨਵੀਂ ਗੱਠਜੋੜ ਸਰਕਾਰ ਬਣਾ ਲਈ ਸੀ।
ਸ਼ਾਹ ਨੇ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਗਰੀਬਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੰਮ ਕਰਦੇ ਹਨ, ਜਿਸ ਲਈ ਜੇਪੀ ਹੁਰੀਂ ਵੀ ਫਿਕਰਮੰਦ ਸਨ। ਉਨ੍ਹਾਂ ਜੇਪੀ ਦੇ ਬੁੱਤ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਦੇ ਸਿਰ ਬੰਨ੍ਹਿਆ। -ਪੀਟੀਆਈ
ਕੋਈ ਆਏ ਜਾਏ ਸਾਨੂੰ ਫ਼ਰਕ ਨਹੀਂ ਪੈਂਦਾ: ਨਿਤੀਸ਼
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਤਾਬ ਦਿਯਾਰਾ ਫੇਰੀ ’ਤੇ ਚੁਟਕੀ ਲੈਂਦਿਆਂ ਕਿਹਾ, ‘ਕੋਈ ਆਵੇ ਜਾਵੇ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।’’ ਜੇਡੀਯੂ ਆਗੂ ਨੇ ਕਿਹਾ ਕਿ ਉਹ ਉੱਘੇ ਸਮਾਜਵਾਦੀ ਆਗੂ ਦੇ ਸਨਮਾਨ ਵਿੱਚ ਰੱਖੇ ਸਮਾਗਮ ’ਚ ਸ਼ਿਰਕਤ ਕਰਨ ਲਈ ਨਾਗਾਲੈਂਡ ਜਾ ਰਹੇ ਹਨ। -ਪੀਟੀਆਈ