ਨਵੀਂ ਦਿੱਲੀ, 7 ਮਈ
ਦੇਸ਼ ਦੇ ਚੋਟੀ ਦੇ ਵਿਗਿਆਨਕ ਅਧਿਕਾਰੀ ਨੇ ਕਰੋਨਾਵਾਇਰਸ ਦੀ ਤੀਜੀ ਲਹਿਰ ਹਰ ਹਾਲ ’ਚ ਆਉਣ ਦੀ ਚਿਤਾਵਨੀ ਦੇਣ ਦੇ ਦੋ ਦਿਨ ਮਗਰੋਂ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਮਾਰੀ ਨੂੰ ਦੇਸ਼ ਵਿੱਚ ਫੈਲਣ ਤੋਂ ਤਾਂ ਹੀ ਰੋਕਿਆ ਜਾ ਸਕਦਾ ਹੈ, ਜੇ ਸਖ਼ਤ ਕਦਮ ਚੁੱਕੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਸੂਬੇ, ਜ਼ਿਲ੍ਹੇ ਅਤੇ ਸ਼ਹਿਰੀ ਵਿੱਚ ਹੇਠਲੇ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈਰਾਘਵਨ ਨੇ ਕਿਹਾ ਕਿ ਇਸ ਖ਼ਤਰਨਾਕ ਮਹਾਮਾਰੀ ਨੂੰ ਸਾਵਧਾਨੀ, ਨਿਗਰਾਨੀ, ਕੰਟੇਨਮੈਂਟ, ਇਲਾਜ ਅਤੇ ਜਾਂਚ ਸਬੰਧੀ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਕੇ ਹੀ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਜੇ ਅਸੀਂ ਸਖ਼ਤ ਕਦਮ ਚੁੱਕਦੇ ਹਾਂ ਤਾਂ ਸ਼ਾਇਦ ਤੀਜੀ ਲਹਿਰ ਨਾ ਆਵੇ। ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਸੂਬਿਆਂ, ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿੱਚ ਹੇਠਲੇ ਪੱਧਰ ਤੱਕ ਹਦਾਇਤਾਂ ਨੂੰ ਕਿੰਨੇ ਕੁ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ।’’