ਨਵੀਂ ਦਿੱਲੀ, 15 ਅਪਰੈਲ
ਦਿੱਲੀ ਹਾਈ ਕੋਰਟ ਨੇ ਰਮਜ਼ਾਨ ਦੌਰਾਨ ਨਿਜ਼ਾਮੂਦੀਨ ਮਰਕਜ਼ ਮਸਜਿਦ ’ਚ 50 ਵਿਅਕਤੀਆਂ ਨੂੰ ਇਕ ਦਿਨ ’ਚ ਪੰਜ ਵੇਲੇ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਹੈ। ਜਸਟਿਸ ਮੁਕਤਾ ਗੁਪਤਾ ਨੇ ਨਿਜ਼ਾਮੂਦੀਨ ਪੁਲੀਸ ਸਟੇਸ਼ਨ ਦੇ ਐੱਸਐੱਚਓ ਨੂੰ ਨਿਰਦੇਸ਼ ਦਿੱਤੇ ਕਿ ਉਹ ਮਸਜਿਦ ਬੰਗਲੇ ਵਾਲੀ ਦੀ ਪਹਿਲੀ ਮੰਜ਼ਿਲ ’ਤੇ ਪੰਜ ਵੇਲੇ ਦੀ ਨਮਾਜ਼ ਅਦਾ ਕਰਨ ਲਈ ਸਿਰਫ਼ 50 ਵਿਅਕਤੀਆਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦੇਣ। ਹਾਈ ਕੋਰਟ ਨੇ ਨਮਾਜ਼ੀਆਂ ਦੀ ਗਿਣਤੀ ਵਧਾਉਣ ਜਾਂ ਮਸਜਿਦ ਦੀਆਂ ਹੋਰ ਮੰਜ਼ਿਲਾਂ ’ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਉਂਜ ਜਸਟਿਸ ਨੇ ਦਿੱਲੀ ਵਕਫ਼ ਬੋਰਡ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਮੇਸ਼ ਗੁਪਤਾ ਨੂੰ ਇਹੋ ਦਰਖਾਸਤ ਐੱਸਐੱਚਓ ਕੋਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਐੱਸਐੱਚਓ ਕਾਨੂੰਨ ਮੁਤਾਬਕ ਅਰਜ਼ੀ ’ਤੇ ਫ਼ੈਸਲਾ ਲੈ ਸਕਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਸ ਦਾ ਹੁਕਮ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਪ੍ਰਭਾਵਿਤ ਹੋ ਸਕਦਾ ਹੈ। -ਪੀਟੀਆਈ