ਨਵੀਂ ਦਿੱਲੀ, 16 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਲਈ ਪਹਿਲਾਂ ਤੋਂ ਹੋਈ ਆਨਲਾਈਨ ਬੁਕਿੰਗ ਕਾਇਮ ਰਹੇਗੀ ਅਤੇ ਉਸ ਨੂੰ ਕੋ-ਵਿਨ ਪੋਰਟਲ ’ਤੇ ਰੱਦ ਨਹੀਂ ਕੀਤਾ ਜਾਵੇਗਾ। ਉਂਜ ਉਨ੍ਹਾਂ ਕਿਹਾ ਹੈ ਕਿ ਕੋ-ਵਿਨ ਡਿਜੀਟਲ ਪੋਰਟਲ ’ਤੇ ਕੁਝ ਲੋੜੀਂਦੇ ਬਦਲਾਅ ਕੀਤੇ ਗਏ ਹਨ ਜਿਸ ਕਾਰਨ ਪਹਿਲੀ ਖੁਰਾਕ ਦੀ ਤਰੀਕ ਤੋਂ ਬਾਅਦ ਟੀਕਾ ਲਗਵਾਉਣ ਦਾ ਵਕਫ਼ਾ ਜੇਕਰ 84 ਦਿਨ ਤੋਂ ਘੱਟ ਹੈ ਤਾਂ ਆਨਲਾਈਨ ਜਾਂ ਮੌਕੇ ’ਤੇ ਬੁਕਿੰਗ ਨਹੀਂ ਹੋਵੇਗੀ। ਕੇਂਦਰ ਨੇ 13 ਮਈ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਕਾਰਲੇ ਅੰਤਰ ਨੂੰ ਵਧਾ ਕੇ 12 ਤੋਂ 16 ਹਫ਼ਤੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਵਰਗ ’ਚ ਰਿਪੋਰਟਾਂ ਆਈਆਂ ਹਨ ਕਿ ਜਿਹੜੇ ਵਿਅਕਤੀਆਂ ਨੇ ਕੋ-ਵਿਨ ਪੋਰਟਲ ’ਤੇ ਦੂਜੀ ਖੁਰਾਕ ਲਈ ਬੁਕਿੰਗ ਕਰਵਾਈ ਸੀ, ਉਨ੍ਹਾਂ ਨੂੰ ਟੀਕਾਕਰਨ ਕੇਂਦਰਾਂ ਤੋਂ ਮੋੜਿਆ ਜਾ ਰਿਹਾ ਹੈ ਕਿਉਂਕਿ ਅਜੇ ਪਹਿਲੀ ਖੁਰਾਕ ਲਏ ਨੂੰ 84 ਦਿਨ ਨਹੀਂ ਹੋਏ ਹਨ। ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕਿਹਾ ਹੈ ਕਿ ਉਹ ਕੋਵੀਸ਼ੀਲਡ ਦੀ ਦੂਜੀ ਖੁਰਾਕ ਲੈਣ ਲਈ ਹੋਈ ਆਨਲਾਈਨ ਬੁਕਿੰਗ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਰੱਦ ਨਾ ਕੀਤਾ ਜਾਵੇ। ਲਾਭਪਾਤਰੀਆਂ ਨੂੰ ਮੋੜਨ ਦੀ ਬਜਾਏ ਉਨ੍ਹਾਂ ਨੂੰ ਕੋਵੀਸ਼ੀਲਡ ਦੀ ਦੂਜੀ ਖੁਰਾਕ ਦੇਣੀ ਚਾਹੀਦੀ ਹੈ। ਉਨ੍ਹਾਂ ਸੂਬਿਆਂ ਨੂੰ ਕਿਹਾ ਹੈ ਕਿ ਇਸ ਨਵੇਂ ਬਦਲਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇ। -ਪੀਟੀਆਈ