ਨਵੀਂ ਦਿੱਲੀ, 6 ਸਤੰਬਰ
ਤਿਲੰਗਾਨਾ ਦੇ ਸ਼ਹਿਰ ਵਾਰੰਗਲ ਤੇ ਕੇਰਲਾ ਦੇ ਦੋ ਸ਼ਹਿਰਾਂ ਨੂੰ ਸਥਾਨਕ ਪੱਧਰ ’ਤੇ ਉਮਰ ਭਰ ਸਿੱਖਦੇ ਰਹਿਣ ਦੀਆਂ ਬੇਮਿਸਾਲ ਕੋਸ਼ਿਸ਼ਾਂ ਤਹਿਤ ਯੂਨੈਸਕੋ ਦੇ ਗਲੋਬਲ ਨੈੱਟਵਰਕ ਆਫ ਲਰਨਿੰਗ ਸਿਟੀਜ਼ (ਜੀਐੱਨਐੱਲਸੀ) ਵਿੱਚ ਸ਼ਾਮਲ ਕੀਤਾ ਗਿਆ ਹੈ। ਤਿਲੰਗਾਨਾ ਦੇ ਵਾਰੰਗਲਤੇ ਕੇਰਲਾ ਦੇ ਤ੍ਰਿਸੂਰ ਅਤੇ ਨਿਲਾਂਬੁਰ ਸਮੇਤ 44 ਦੇਸ਼ਾਂ ਦੇ 77 ਸ਼ਹਿਰਾਂ ਨੂੰ ਇਸ ਵਿਸ਼ਵ ਪੱਧਰੀ ਸੰਸਥਾ ਦੇ ਨੈੱਟਵਰਕ ਵਿੱਚ ਸ਼ਾਮਲ ਕੀਤਾ ਹੈ। ਯੂਐੱਨਸਕੋ ਜੀਐੱਨਐੱਲਸੀ ਅਜਿਹੇ ਸ਼ਹਿਰਾਂ ਦਾ ਇੱਕ ਕੌਮਾਂਤਰੀ ਨੈੱਟਵਰਕ ਹੈ, ਜੋ ਆਪਣੇ ਭਾਈਚਾਰਿਆਂ ਤੋਂ ਜੀਵਨ ਭਰ ਸਬਕ ਲੈਣ ਨੂੰ ਉਤਸ਼ਾਹਿਤ ਕਰਦੇ ਹਨ। ਵਿਸ਼ਵ ਸੰਸਥਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਿੱਚ ਦੁਨੀਆ ਭਰ ਦੇ 294 ਸ਼ਹਿਰ ਸ਼ਾਮਲ ਹਨ, ਜੋ ਇੱਕ-ਦੂਜੇ ਨਾਲ ਪ੍ਰੇਰਨਾ, ਜਾਣਕਾਰੀ ਅਤੇ ਵਧੀਆ ਤਜਰਬੇ ਸਾਂਝੇ ਕਰਦੇ ਹਨ। ਕੇਂਦਰੀ ਸੱਭਿਆਚਾਰਕ ਮੰਤਰੀ ਜੀ ਕਿਸ਼ਨ ਰੈਡੀ ਨੇ ਸੋਮਵਾਰ ਦੇਰ ਰਾਤ ਭਾਰਤ ਦੀ ਇਸ ਪ੍ਰਾਪਤੀ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘‘ਸ਼ਾਨਦਾਰ ਖ਼ਬਰ! ਤਿਲੰਗਾਨਾ ਸੂਬੇ ਦਾ ਸ਼ਹਿਰ ਵਾਰੰਗਲ ਯੂਨੈਸਕੋ ਦੇ ਗਲੋਬਲ ਨੈੱਟਵਰਕ ਆਫ ਲਰਨਿੰਗ ਸਿਟੀਜ਼ ਵਿੱਚ ਸ਼ਾਮਲ ਹੋ ਗਿਆ ਹੈ। ਵਾਰੰਗਲ ਅਤੇ ਤਿਲੰਗਾਨਾ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ। ਵਾਰੰਗਲ ਦੇ ਮਹਾਨ ਰਾਮੱਪਾ ਮੰਦਿਰ ਨੂੰ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਈਟ ਟੈਗ ਵਿੱਚ ਸ਼ਾਮਲ ਕਰਨ ਦੇ ਇੱਕ ਸਾਲ ਬਾਅਦ ਸੂਬੇ ਦੀ ਇਹ ਦੂੁਜੀ ਵੱਡੀ ਪ੍ਰਾਪਤੀ ਹੈ।’’ ਯੂਨੈਸਕੋ ਨੇ ਆਪਣੇ ਟਵਿੱਟਰ ਹੈਂਡਲ ’ਤੇ ਭਾਰਤ ਦੇ ਤਿੰਨ ਸ਼ਹਿਰਾਂ ਨੂੰ ਜੀਐੱਨਐੱਲਸੀ ਵਿੱਚ ਸ਼ਾਮਲ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਯੂਨਾਈਟਿਡ ਨੇਸ਼ਨਜ਼ ਐਜੂਕੇਸ਼ਨਲ, ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਸੀ, ‘‘ਅੱਜ, 44 ਦੇਸ਼ਾਂ ਦੇ 77 ਸ਼ਹਿਰਾਂ ਨੂੰ ਸਥਾਨਕ ਪੱਧਰ ’ਤੇ ਉਮਰ ਭਰ ਸਿੱਖਦੇ ਰਹਿਣ ਦੀਆਂ ਬੇਮਿਸਾਲ ਕੋਸ਼ਿਸ਼ਾਂ ਸਦਕਾ ਯੂਨੈਸਕੋ ਦੇ ਗਲੋਬਲ ਨੈੱਟਵਰਕ ਆਫ ਲਰਨਿੰਗ ਸਿਟੀਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।’’ -ਪੀਟੀਆਈ