ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 10 ਅਗਸਤ
ਕੇਂਦਰ ਸਰਕਾਰ ਨੇ ਅੱਜ ਦਾਅਵਾ ਕੀਤਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਿੱਲਤ ਕਰਕੇ ਸਿਰਫ਼ ਇਕ ਮੌਤ ਹੋਈ ਹੈ, ਜੋ ਇਕ ਸੂਬੇ ਵੱਲੋਂ ਰਿਪੋਰਟ ਕੀਤੀ ਗਈ ਹੈ। ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ, ‘‘ਰਾਜਾਂ ਨੂੰ ਆਕਸੀਜਨ ਦੀ ਕਿੱਲਤ ਕਰਕੇ ਹੋਣ ਵਾਲੀਆਂ ਮੌਤਾਂ ਬਾਰੇ ਪੁੱਛਿਆ ਗਿਆ ਸੀ। ਸੰਸਦ ਵਿੱਚ ਵੀ ਜਦੋਂ ਇਸ ਬਾਰੇ ਸਵਾਲ ਪੁੱਛਿਆ, ਤਾਂ ਰਾਜਾਂ ਨੂੰ ਖਾਸ ਕਰਕੇ ਪੁੱਛਿਆ ਗਿਆ। ਰਿਪੋਰਟਾਂ ਮੁਤਾਬਕ ਹੁਣ ਤੱਕ ਇਕ ਹੀ ਮੌਤ ਹੋਈ ਹੈ, ਤੇ ਸਬੰਧਤ ਰਾਜ ਨੇ ਇਸ ਦਾ ਵੀ ਸ਼ੱਕੀ ਕੇਸ ਵਜੋਂ ਹਵਾਲਾ ਦਿੱਤਾ ਹੈ। ਜਦੋਂਕਿ ਹੋਰਨਾਂ ਰਾਜਾਂ ਨੇ ਆਕਸੀਜਨ ਦੀ ਕਿੱਲਤ ਕਰਕੇ ਹੋਣ ਵਾਲੀਆਂ ਮੌਤਾਂ ਬਾਰੇ ਕੋਈ ਅੰੰਕੜਾ ਨਹੀਂ ਦਿੱਤਾ।’ ਅਗਰਵਾਲ ਨੇ ਹਾਲਾਂਕਿ ਰਾਜ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਆਕਸੀਜਨ ਦੀ ਕਿੱਲਤ ਕਰ ਕੇ ਹੋਣ ਵਾਲੀਆਂ ਮੌਤਾਂ ਬਾਰੇ ਰਿਪੋਰਟ ਨੂੰ 13 ਅਗਸਤ ਨੂੰ ਖ਼ਤਮ ਹੋ ਰਹੇ ਮੌਨਸੂਨ ਇਜਲਾਸ ਵਿੱਚ ਰੱਖ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਵੱਲੋਂ ਮੰਗੀ ਜਾਣਕਾਰੀ ਦਾ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰਾਖੰਡ ਸਮੇਤ 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੀ ਜਵਾਬ ਦਿੱਤਾ ਹੈ। ਸੂਤਰਾਂ ਮੁਤਾਬਕ ਪੰਜਾਬ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ, ਉਸ ਵਿੱਚ ਆਕਸੀਜਨ ਦੀ ਕਿੱਲਤ ਕਰਕੇ 4 ਸ਼ੱਕੀ ਮੌਤਾਂ ਦਾ ਦਾਅਵਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਵੀ ਸੰਸਦ ਵਿੱਚ ਦੱਸਿਆ ਸੀ ਕਿ ਆਕਸੀਜਨ ਦੀ ਕਿੱਲਤ ਕਰਕੇ ਕੋਈ ਮੌਤ ਨਹੀਂ ਹੋਈ ਤੇ ਨਾ ਹੀ ਰਾਜਾਂ ਤੇ ਯੂਟੀਜ਼ ਨੇ ਇਸ ਬਾਰੇ ਕੋਈ ਅੰਕੜੇ ਸਾਂਝੇ ਕੀਤੇ ਹਨ।