ਨਵੀਂ ਦਿੱਲੀ: ਇੱਥੋਂ ਦੀ ਅਦਾਲਤ ਨੇ ਬੀਆਰਐੱਸ ਆਗੂ ਕੇ. ਕਵਿਤਾ ਵੱਲੋਂ ਦਾਇਰ ਪਟੀਸ਼ਨ ’ਤੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਤੋਂ ਜਵਾਬ ਮੰਗ ਲਿਆ ਹੈ। ਕੇ. ਕਵਿਤਾ ਨੇ ਪਟੀਸ਼ਨ ’ਚ ਦੋਸ਼ ਲਾਇਆ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ ਵਿੱਚ ਘਰ ਦਾ ਖਾਣਾ ਅਤੇ ਗੱਦੇ ਸਮੇਤ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਕਵਿਤਾ ਵੱਲੋਂ ਮੰਗਲਵਾਰ ਨੂੰ ਪਟੀਸ਼ਨ ਦਾਇਰ ਕਰ ਕੇ ਸਿਹਤ ਸਮੱਸਿਆ ਕਾਰਨ ਉਨ੍ਹਾਂ ਨੂੰ ਜੇਲ੍ਹ ਵਿੱਚ ਕੁੱਝ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ। ਵਿਸ਼ੇਸ਼ ਜੱਜ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਕਵਿਤਾ ਨੂੰ ‘ਨਿਯਮਾਂ ਮੁਤਾਬਕ’ ਘਰ ਦਾ ਖਾਣਾ, ਗੱਦੇ, ਚੱਪਲਾਂ, ਕੱਪੜੇ, ਬੈੱਡ ਸ਼ੀਟ, ਕਿਤਾਬਾਂ, ਕੰਬਲ ਤੇ ਕਾਗਜ਼ ਮੁਹੱਈਆ ਕਰਵਾਉਣ ਦੀ ਇਜਾਜ਼ਤ ਦੇਣ ਦੇ ਨਿਰਦੇਸ਼ ਦਿੱਤੇ ਸਨ। -ਪੀਟੀਆਈ