ਪੰਚਕੂਲਾ/ਮੰਡੀ/ਭੁਪਾਲ, 26 ਦਸੰਬਰ
ਹਰਿਆਣਾ ਦੇ ਚੰਡੀਗੜ੍ਹ ਨਾਲ ਲੱਗਦੇ ਸ਼ਹਿਰ ਪੰਚਕੂਲਾ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਵੀ ਅੱਜ ਓਮੀਕਰੋਨ ਦੇ ਕੇਸ ਸਾਹਮਣੇ ਆਏ ਹਨ।
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਚੰਡੀਗੜ੍ਹ ਨਾਲ ਲੱਗਦੇ ਸ਼ਹਿਰ ਪੰਚਕੂਲਾ ਵਿਚ ਵੀ ਓਮੀਕ੍ਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਓਮੀਕਰੋਨ ਤੋਂ ਪੀੜਤ ਮਹਿਲਾ ਪਿੰਜ਼ੌਰ ਦੀ ਵਸਨੀਕ ਦੱਸੀ ਗਈ ਹੈ। ਉਹ ਹਾਲ ਹੀ ਵਿਚ ਅਮਰੀਕਾ ਤੋਂ ਪਰਤੀ ਸੀ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸੇ ਤਰ੍ਹਾਂ ਪੰਚਕੂਲਾ ਸਰਕਾਰੀ ਜਨਰਲ ਹਸਪਤਾਲ ਦੀ ਤਰਜਮਾਨ ਡਾ. ਮਨਕੀਰਤ ਮੁਰਾਰਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਇਹ ਮਹਿਲਾ ਜ਼ੇਰੇ ਇਲਾਜ ਹੈ ਅਤੇ ਇਸ ਦਾ ਸੈਂਪਲ ਦਿੱਲੀ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਮਹਿਲਾ ਦੇ ਸਾਰੇ ਪਰਿਵਾਰ ਦਾ ਟੈਸਟ ਲਿਆ ਗਿਆ ਸੀ ਪ੍ਰੰਤੂ ਇਹ ਮਹਿਲਾ ਹੀ ਪਾਜ਼ੇਟਿਵ ਪਾਈ ਗਈ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਖਲਿਆਰ ਦੀ ਰਹਿਣ ਵਾਲੀ ਇਕ ਔਰਤ ਕੈਨੇਡਾ ਤੋਂ ਆਉਣ ਮਗਰੋਂ ਹਾਲ ਹੀ ਵਿਚ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ। 18 ਦਸੰਬਰ ਨੂੰ ਉਸ ਦੇ ਸੈਂਪਲ ਜੀਨੋਮ ਸਿਕੁਐਂਸਿੰਗ ਲਈ ਭੇਜੇ ਗਏ ਸਨ। ਸੈਂਪਲਾਂ ਦੀ ਰਿਪੋਰਟ ਵਿਚ ਉਕਤ ਔਰਤ ਕਰੋਨਾ ਦੇ ਓਮੀਕਰੋਨ ਸਰਪੂ ਤੋਂ ਪੀੜਤ ਪਾਈ ਗਈ। ਇਹ ਜਾਣਕਾਰੀ ਕੌਮੀ ਸਿਹਤ ਮਿਸ਼ਨ, ਸ਼ਿਮਲਾ ਦੇ ਡਾਇਰੈਕਟਰ ਹੇਮਰਾਜ ਬੈਰਵਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ, 24 ਦਸੰਬਰ ਨੂੰ ਦੁਬਾਰਾ ਕੀਤੇ ਗਏ ਉਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸੇ ਦੌਰਾਨ ਮੱਧ ਪ੍ਰਦੇਸ਼ ਵਿਚ ਇੰਦੌਰ ’ਚ ਓਮੀਕਰੋਨ ਸਰੂਪ ਦੇ ਅੱਠ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਅੱਜ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੱਠ ਮਰੀਜ਼ਾਂ ਵਿੱਚੋਂ ਛੇ ਤਾਂ ਠੀਕ ਵੀ ਹੋ ਚੁੱਕੇ ਹਨ ਜਦਕਿ ਦੋ ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ 3000 ਲੋਕ ਵਿਦੇਸ਼ ਤੋਂ ਇੰਦੌਰ ਪਰਤੇ ਸਨ ਜਿਨ੍ਹਾਂ ਵਿੱਚੋਂ 26 ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ 26 ਮਰੀਜ਼ਾਂ ਵਿੱਚੋਂ ਅੱਠ ਓਮੀਕਰੋਨ ਤੋਂ ਪੀੜਤ ਪਾਏ ਗਏ।