ਨਵੀਂ ਦਿੱਲੀ, 18 ਦਸੰਬਰ
ਦੱਖਣੀ-ਪੂਰਬੀ ਏਸ਼ੀਆ ਖਿੱਤੇ ਵਿੱਚ ਸੱਤ ਮੁਲਕਾਂ ’ਚ ਕੋਵਿਡ- 19 ਦੇ ਨਵੇਂ ਰੂਪ ਓਮੀਕਰੋਨ ਦੇ ਕੇਸਾਂ ਦੀ ਪੁਸ਼ਟੀ ਮਗਰੋਂ ਵਿਸ਼ਵ ਸਿਹਤ ਸੰਸਥਾ ਨੇ ਅੱਜ ਇਸ ਮਹਾਮਾਰੀ ਦਾ ਫੈਲਾਅ ਰੋਕਣ ਲਈ ਸਰਕਾਰੀ ਸਿਹਤ ਸੇਵਾਵਾਂ ਤੇ ਸਮਾਜਿਕ ਉਪਾਵਾਂ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ ਹੈ। ਸੰਸਥਾ ਦੇ ਦੱਖਣ-ਪੂਰਬੀ ਏਸ਼ੀਆ ਖਿੱਤੇ ਦੇ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਮੁਲਕਾਂ ਨੂੰ ਪੁਖਤਾ ਸਿਹਤ ਤੇ ਸਮਾਜਿਕ ਉਪਾਵਾਂ ਦੀ ਵਰਤੋਂ ਰਾਹੀਂ ਓਮੀਕਰੋਨ ਦੇ ਫੈਲਾਅ ਨੂੰ ਲਾਜ਼ਮੀ ਤੌਰ ’ਤੇ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘ਸਾਡਾ ਧਿਆਨ ਸਭ ਤੋਂ ਵੱਧ ਜ਼ੋਖਮ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ।’ ਓਮੀਕਰੋਨ ਤੋਂ ਪੈਦਾ ਹੋਣ ਵਾਲਾ ਖਤਰਾ ਮੁੱਖ ਤੌਰ ’ਤੇ ਤਿੰਨ ਮੁੱਖ ਸਵਾਲਾਂ ’ਤੇ ਨਿਰਭਰ ਕਰਦਾ ਹੈ— ਇਸਦਾ ਫੈਲਾਅ, ਵੈਕਸੀਨ ਇਸ ਖ਼ਿਲਾਫ਼ ਕਿੰਨੀ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ ਤੇ ਦੂਜੇ ਵੇਰੀਐਂਟਾਂ ਦੀ ਤੁਲਨਾ ’ਚ ਇਹ ਵੇਰੀਐਂਟ ਕਿੰਨਾ ਵੱਧ ਫੈਲਣ ਵਾਲਾ ਹੈ। ਜਿੱਥੇ ਤੱਕ ਸਾਡੇ ਕੋਲ ਹੁਣ ਤੱਕ ਜਾਣਕਾਰੀ ਹੈ, ਓਮੀਕਰੋਨ, ਡੈਲਟਾ ਵੈਰੀਐਂਟ ਦੀ ਤੁਲਨਾ ਵਿੱਚ ਵੱਧ ਤੇਜ਼ੀ ਨਾਲ ਫੈਲਦਾ ਹੈ, ਜਿਸ ਨਾਲ ਪਿਛਲੇ ਕੁਝ ਮਹੀਨਿਆਂ ਵਿੱਚ ਵਿਸ਼ਵ ਭਰ ਵਿੱਚ ਕੇਸਾਂ ਦੀ ਗਿਣਤੀ ’ਚ ਕਾਫ਼ੀ ਇਜ਼ਾਫਾ ਹੋਇਆ ਹੈ।’ ਦੱਖਣ ਏਸ਼ੀਆ ਤੋਂ ਮਿਲੇ ਅੰਕੜਿਆਂ ਮੁਤਾਬਕ ਓਮੀਕਰੋਨ ਵੇਰੀਐਂਟ ਨਾਲ ਮੁੜ ਤੋਂ ਇਸ ਮਹਾਮਾਰੀ ਦੀ ਲਪੇਟ ’ਚ ਆਉਣ ਦਾ ਖ਼ਤਰਾ ਹੈ ਹਾਲਾਂਕਿ ਓਮੀਕਰੋਨ ਨਾਲ ਸਬੰਧਤ ਗੰਭੀਰ ਬਿਮਾਰ ਹੋਣ ਦੇ ਮਾਮਲੇ ਘੱਟ ਹਨ। ਇਸ ਦੌਰਾਨ ਭਾਰਤ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ ਵਧ ਕੇ 126 ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਕਰਨਾਟਕ ਵਿੱਚ ਛੇ ਅਤੇ ਕੇਰਲਾ ਵਿੱਚ ਚਾਰ ਨਵੇਂ ਕੇਸ ਮਿਲੇ ਹਨ ਹਾਲਾਂਕਿ ਮਹਾਰਾਸ਼ਟਰ ਵਿੱਚ ਵੀ ਓਮੀਕਰੋਨ ਦੇ ਛੇ ਨਵੇਂ ਕੇਸ ਮਿਲੇ ਹਨ। -ਪੀਟੀਆਈ
ਭਾਰਤ ਵਿੱਚ ਕੋਵਿਡ- 19 ਦੇ ਐਕਟਿਵ ਕੇਸਾਂ ਦੀ ਗਿਣਤੀ ਘਟੀ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ 7145 ਨਵੇਂ ਕੇਸ ਮਿਲੇ ਹਨ ਜਿਸ ਨਾਲ ਮੁਲਕ ਵਿੱਚ ਇਸ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,47,33,194 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 84,565 ਹੋ ਗਈ ਹੈ। ਅੱਜ ਕੋਵਿਡ- 19 ਨਾਲ 289 ਹੋਰ ਮਰੀਜ਼ਾਂ ਦੀਆਂ ਮੌਤਾਂ ਮਗਰੋਂ ਮੁਲਕ ਵਿੱਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,77,158 ਹੋ ਗਈ ਹੈ। -ਪੀਟੀਆਈ