ਨਵੀਂ ਦਿੱਲੀ, 6 ਜੂਨ
ਦਿੱਲੀ ਦੀ ਕੋਰਟ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਤੇ ਕਾਰਕੁਨ ਖ਼ਾਲਿਦ ਸੈਫ਼ੀ ਨੂੰ ਹੱਥਕੜੀ ਲਾ ਕੇ ਹੇਠਲੀ ਅਦਾਲਤਾਂ ਵਿੱਚ ਪੇਸ਼ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ ਕਿ ‘ਉਹ ਕੋਈ ਗੈਂਗਸਟਰ ਨਹੀਂ ਹਨ।’ ਪਟੀਸ਼ਨਰ ਨੇ ਮੰਗ ਕੀਤੀ ਸੀ ਕਿ 2020 ਦਿੱਲੀ ਦੰਗਿਆਂ ਦੇ ਮੁਲਜ਼ਮਾਂ ਨੂੰ ਹੱਥਕੜੀਆਂ ਨਾਲ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਦੋਵੇਂ ‘ਉੱਚ ਜੋਖ਼ਮ ਵਾਲੇ ਕੈਦੀ’ ਹਨ। ਜੱਜ ਨੇ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਵਿੱਚ ਕਈ ਖਾਮੀਆਂ ਹਨ ਅਤੇ ਦਿੱਲੀ ਪੁਲੀਸ ਤੇ ਜੇਲ੍ਹ ਅਥਾਰਿਟੀ ਨੇ ਬਿਨਾਂ ਦਿਮਾਗ ਲਾਇਆਂ ਕੱਠਪੁਤਲੀਆਂ ਵਾਂਗ ਪਟੀਸ਼ਨ ਦਾਖ਼ਲ ਕੀਤੀ ਹੈ। ਵਧੀਕ ਸੈਸ਼ਨ ਜੱਜ ਨੇ ਲੰਘੇ ਦਿਨ ਜਾਰੀ ਆਪਣੇ ਹੁਕਮਾਂ ਵਿੱਚ ਕਿਹਾ, ‘‘ਮੁਲਜ਼ਮ, ਜਿਨ੍ਹਾਂ ਨੂੰ ਬੇੜੀਆਂ ਤੇ ਹੱਥਕੜੀਆਂ ਲਾ ਕੇ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਸਜ਼ਾ ਭੁਗਤ ਰਹੇ ਦੋਸ਼ੀ ਨਹੀਂ ਹਨ ਤੇ ਨਾ ਹੀ ਉਹ ਕੋਈ ਗੈਂਗਸਟਰ ਹਨ।’’ ਇਸ ਦੇ ਨਾਲ ਹੀ ਵਧੀਕ ਸੈਸ਼ਨ ਜੱਜ ਨੇ ਕਿਹਾ ਕਿ ਇਸ ਪੜਾਅ ’ਤੇ ਪਟੀਸ਼ਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੁਲਜ਼ਮਾਂ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਰੀਰਕ ਤੌਰ ’ਤੇ ਕੋਰਟ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹੈ। -ਪੀਟੀਆਈ