ਸ੍ਰੀਨਗਰ, 7 ਮਾਰਚ
ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਵੱਲੋਂ ਕਸ਼ਮੀਰ ਬਾਰੇ ਦਿੱਤੇ ਗਏ ਵਿਵਾਦਤ ਬਿਆਨ ਦੀ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਨਿਖੇਧੀ ਕੀਤੀ ਹੈ। ਸ਼ੁਵੇਂਦੂ ਨੇ ਕਿਹਾ ਸੀ ਕਿ ਪੱਛਮੀ ਬੰਗਾਲ ’ਚ ਜੇਕਰ ਤ੍ਰਿਣਮੂਲ ਕਾਂਗਰਸ ਮੁੜ ਸੱਤਾ ’ਚ ਆਈ ਤਾਂ ਸੂਬਾ ਕਸ਼ਮੀਰ ਵਰਗਾ ਬਣ ਜਾਵੇਗਾ। ਉਮਰ ਨੇ ਟਵੀਟ ਕਰਕੇ ਕਿਹਾ,‘‘ਪਰ ਤੁਹਾਡੇ ਵਰਗੇ ਭਾਜਪਾਈਆਂ ਮੁਤਾਬਕ ਕਸ਼ਮੀਰ ਅਗਸਤ 2019 ਤੋਂ ਬਾਅਦ ਜੰਨਤ ਬਣ ਗਿਆ ਹੈ ਅਤੇ ਫਿਰ ਜੇਕਰ ਪੱਛਮੀ ਬੰਗਾਲ, ਕਸ਼ਮੀਰ ਵਰਗਾ ਬਣਦਾ ਹੈ ਤਾਂ ਇਸ ’ਚ ਗਲਤ ਕੀ ਹੈ? ਪਰ ਬੰਗਾਲੀ ਕਸ਼ਮੀਰ ਨੂੰ ਪਿਆਰ ਕਰਦੇ ਹਨ ਅਤੇ ਉਹ ਵੱਡੀ ਗਿਣਤੀ ’ਚ ਇਥੇ ਆਉਂਦੇ ਹਨ। ਇਸ ਲਈ ਅਸੀਂ ਤੁਹਾਡੇ ਬਕਵਾਸ ਅਤੇ ਬੇਤੁਕੇ ਬਿਆਨ ਲਈ ਤੁਹਾਨੂੰ ਮੁਆਫ਼ ਕਰਦੇ ਹਾਂ।’’ ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ’ਚ ਗਿਆ ਸ਼ੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਨੰਦੀਗ੍ਰਾਮ ਹਲਕੇ ਤੋਂ ਮਮਤਾ ਬੈਨਰਜੀ ਨੂੰ ਚੁਣੌਤੀ ਦੇਵੇਗਾ। -ਪੀਟੀਆਈ