ਕੋਟਾ, 28 ਫਰਵਰੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕੋਟਾ (ਰਾਜਸਥਾਨ) ’ਚ ਧਨੀਏ ਦੀ ਕਾਸ਼ਤ ਹੇਠ ਖੇਤੀ ਰਕਬਾ ਘਟਣ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਸਾਨਾਂ, ਵਪਾਰੀਆਂ ਅਤੇ ਬਰਾਮਦਕਾਰਾਂ ਨੂੰ ਇਸ ਦੀ ਖੇਤੀ ਅਧੀਨ ਰਕਬਾ ਵਧਾਉਣ ਲਈ ਇਕੱਠੇ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਕੋਟਾ ਦੇਸ਼ ’ਚ ਮਸਾਲਿਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ।
ਸ੍ਰੀ ਬਿਰਲਾ, ਜੋ ਕਿ ਰਾਜਸਥਾਨ ’ਚ ਕੋਟਾ-ਬੂੰਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ, ਨੇ ਇਥੇ ਆਲ ਇੰਡੀਆ ਟਰੇਡਰਜ਼ ਐਂਡ ਫੂਡ ਪ੍ਰੋਡਕਟ ਏਜੰਟਸ ਵੱਲੋਂ ਕਰਵਾਏ ਚੌਥੇ ਕੌਮੀ ਧਨੀਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਮੋਹਰੀ ਉਤਪਾਦਕ ਤੇ ਬਰਾਮਦਕਾਰ ਹਾਂ ਅਤੇ ਕੋਟਾ ਜ਼ਿਲ੍ਹੇ ਦੀ ਰਾਮਗੰਜ ਮੰਡੀ ਧਨੀਏ, ਜੋ ਆਪਣੀ ਵਿਸ਼ੇਸ਼ ਮਹਿਕ ਲਈ ਜਾਣਿਆ ਜਾਂਦਾ ਹੈ, ਦਾ ਸਭ ਤੋਂ ਵੱਡਾ ਬਾਜ਼ਾਰ ਹੈ।’ ਉਨ੍ਹਾਂ ਕਿਹਾ, ‘ਪਿਛਲੇ ਕੁਝ ਸਾਲਾਂ ਤੋਂ ਇਸ ਫ਼ਸਲ ਦੀ ਕਾਸ਼ਤ ਹੇਠ ਰਕਬਾ ਘਟਿਆ ਹੈ, ਜੋ ਕਿ ਚਿੰਤਾ ਵਾਲੀ ਗੱਲ ਹੈ। ਇਸ ਦਾ ਉਤਪਾਦਨ ਵਧਾਉਣ ਅਤੇ ਭਾਰਤ ਨੂੰ ਇਸ ਦਾ ਮੁੱਖ ਬਰਾਮਦਕਾਰ ਦੇਸ਼ ਬਣਾਉਣ ਲਈ ਕਿਸਾਨਾਂ, ਵਪਾਰੀਆਂ ਅਤੇ ਬਰਾਮਦਕਾਰਾਂ ਨੂੰ ਸਾਂਝੀ ਰਣਨੀਤੀ ਬਣਾਉਣ ਦੀ ਲੋੜ ਹੈ।’ -ਪੀਟੀਆਈ