ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਓਲੰਪੀਅਨ ਹਾਕੀ ਖਿਡਾਰੀ ਬਲਬੀਰ ਗਰੇਵਾਲ ਖੰਨਾ, ਹਾਈ ਕੋਰਟ ਦੇ ਐਡਵੋਕੇਟ ਗੁਰਜੀਤ ਸਿੰਘ ਕੌੜਾ ਅਤੇ ਜਨਤਾ ਦਲ (ਯੂਨਾਈਟਿਡ) ਦੇ ਆਗੂ ਜਸਵੀਰ ਸਿੰਘ ਖਹਿਰਾ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਵਿਕਾਸਮੁਖੀ ਕੰਮਾਂ ਅਤੇ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਲੋਕ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਅਤੇ ਕੇਵਲ ਮਾਫ਼ੀਆ ਤੋਂ ਤੰਗ ਆ ਚੁੱਕੇ ਹਨ। ਇਸ ਮਾਫ਼ੀਆ ਰਾਜ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ। ਇਸ ਲਈ ਆਮ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ।
‘ਆਪ’ ਆਗੂ ਨੇ ਦੱਸਿਆ ਕਿ ਸਾਬਕਾ ਹਾਕੀ ਖਿਡਾਰੀ ਅਤੇ ਓਲੰਪੀਅਨ ਬਲਬੀਰ ਗਰੇਵਾਲ ਖੰਨਾ ਖੇਡ ਵਿਭਾਗ ਅਤੇ ਰੇਲਵੇ ਵਿੱਚ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਗੁਰਜੀਤ ਸਿੰਘ ਕੌੜਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ-2014 ’ਚ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਅਭੈ ਸਿੰਘ ਚੌਟਾਲਾ ਖਿਲਾਫ਼ ਚੋਣ ਲੜੀ ਸੀ ਜਦਕਿ ਜੇਡੀ (ਯੂ) ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਜਸਬੀਰ ਸਿੰਘ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਪਾਰਟੀ ਦਾ ਹਿੱਸਾ ਬਣੇ ਹਨ। ਇਸ ਮੌਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਲਾਈ ਗਈ ਡਿਊਟੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਪਾਵਰਕੌਮ ਵੱਲੋਂ ਔਰਤਾਂ ਦੇ ਰਾਖਵੇਂਕਰਨ ਨੂੰ ਨਜ਼ਰਅੰਦਾਜ਼ ਕਰਨਾ ਗ਼ਲਤ: ਮਾਣੂੰਕੇ
ਚੰਡੀਗੜ੍ਹ (ਟਨਸ): ‘ਆਪ’ ਪੰਜਾਬ ਨੇ ਪਾਵਰਕੌਮ ਵੱਲੋਂ ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ ’ਚ ਔਰਤਾਂ ਲਈ 33 ਫ਼ੀਸਦ ਰਾਖਵਾਂਕਰਨ ਨਜ਼ਰਅੰਦਾਜ਼ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪਾਵਰਕੌਮ ਵੱਲੋਂ ਸਹਾਇਕ ਲਾਈਨਮੈਨਾਂ ਦੀਆਂ ਨੌਕਰੀਆਂ ’ਚ ਔਰਤਾਂ ਲਈ 33 ਫ਼ੀਸਦ ਰਾਖਵੇਂਕਰਨ ਤੋਂ ਛੋਟ ਮੰਗਣਾ ਕਾਂਗਰਸ ਸਰਕਾਰ ਦੀ ਔਰਤਾਂ ਪ੍ਰਤੀ ਸੌੜੀ ਸੋਚ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਹਾਇਕ ਲਾਈਨਮੈਨ ਅਸਾਮੀਆਂ ਦੀ ਭਰਤੀ ਵਿੱਚੋਂ ਔਰਤਾਂ ਨੂੰ ਬਾਹਰ ਰੱਖਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ 2016 ਤੇ 2019 ਵਿੱਚ ਔਰਤਾਂ ਸਹਾਇਕ ਲਾਈਨਮੈਨ ਦੀ ਨੌਕਰੀ ਪ੍ਰਾਪਤ ਕਰ ਸਕਦੀਆਂ ਹਨ ਤਾਂ ਹੁਣ ਕਿਸ ਆਧਾਰ ’ਤੇ ਪਾਵਰਕੌਮ ਔਰਤਾਂ ਦੇ ਰਾਖਵੇਂਕਰਨ ਤੋਂ ਛੋਟ ਮੰਗ ਰਿਹਾ ਹੈ। ‘ਆਪ’ ਆਗੂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਸਰਕਾਰੀ ਨੌਕਰੀ ਦਾ ਮੌਕਾ ਪ੍ਰਦਾਨ ਕਰਦਾ ਹੈ।